IMG-LOGO
ਹੋਮ ਪੰਜਾਬ: ਫਾਜ਼ਿਲਕਾ 'ਚ 'ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜੰਗ': 8 ਮਹੀਨਿਆਂ 'ਚ...

ਫਾਜ਼ਿਲਕਾ 'ਚ 'ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜੰਗ': 8 ਮਹੀਨਿਆਂ 'ਚ 1,331 ਨਸ਼ਾ ਤਸਕਰ ਗ੍ਰਿਫ਼ਤਾਰ, 41 ਕਿਲੋ ਹੈਰੋਇਨ ਤੇ ਡਰੋਨ ਬਰਾਮਦ

Admin User - Aug 20, 2026 02:42 PM
IMG

ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ "ਨਸ਼ਿਆਂ ਵਿਰੁੱਧ ਜੰਗ" ਅਤੇ "ਗੈਂਗਸਟਰਾਂ ਵਿਰੁੱਧ ਜੰਗ" ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ ਅੱਠ ਮਹੀਨਿਆਂ ਦੌਰਾਨ ਐਨ.ਡੀ.ਪੀ.ਐਸ. (NDPS) ਐਕਟ ਤਹਿਤ 924 ਮਾਮਲੇ ਦਰਜ ਕਰਕੇ 1,331 ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ।


ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਅਨੁਸਾਰ ਇਸ ਕਾਰਵਾਈ ਦੌਰਾਨ ਪੁਲਿਸ ਨੇ 41.124 ਕਿਲੋਗ੍ਰਾਮ ਹੈਰੋਇਨ, 6.5 ਕਿਲੋਗ੍ਰਾਮ ਅਫ਼ੀਮ, 250 ਕਿਲੋਗ੍ਰਾਮ ਤੋਂ ਵੱਧ ਭੁੱਕੀ, 15,800 ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕ੍ਰਿਸਟਲ ਮੇਥਾਮਫੇਟਾਮਾਈਨ ਬਰਾਮਦ ਕੀਤੀ ਹੈ। ਤਸਕਰੀ 'ਚ ਵਰਤੇ ਗਏ 38 ਵਾਹਨ ਵੀ ਜ਼ਬਤ ਕੀਤੇ ਗਏ ਹਨ।


ਦੂਜੇ ਪਾਸੇ, ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ 'ਤੇ ਠੱਲ੍ਹ ਪਾਉਂਦਿਆਂ ਅਸਲਾ ਐਕਟ ਤਹਿਤ 10 ਮਾਮਲਿਆਂ 'ਚ 15 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 26 ਪਿਸਤੌਲ, 52 ਕਾਰਤੂਸ, 32 ਮੈਗਜ਼ੀਨ ਅਤੇ 3 ਡਰੋਨ ਬਰਾਮਦ ਹੋਏ ਹਨ।


ਕਾਰਵਾਈ ਦੇ ਨਾਲ-ਨਾਲ ਪੁਲਿਸ ਨੇ ਨਸ਼ਾ ਪੀੜਤਾਂ ਦੇ ਸੁਧਾਰ 'ਤੇ ਵੀ ਧਿਆਨ ਦਿੱਤਾ ਹੈ। 252 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ 1,809 ਲੋਕਾਂ ਨੂੰ OOAT ਕੇਂਦਰਾਂ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਜਨਤਾ ਨਾਲ ਤਾਲਮੇਲ ਮਜ਼ਬੂਤ ਕਰਨ ਲਈ 334 ਜਾਗਰੂਕਤਾ ਸੈਮੀਨਾਰ ਅਤੇ 99 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ, ਜਿੱਥੇ ਲੋਕਾਂ ਨੂੰ ਸਾਈਬਰ ਅਪਰਾਧਾਂ ਦੀ ਰਿਪੋਰਟ ਲਈ 1930 ਹੈਲਪਲਾਈਨ ਬਾਰੇ ਵੀ ਜਾਣੂ ਕਰਵਾਇਆ ਗਿਆ।


ਜ਼ਿਲ੍ਹੇ ਵਿੱਚ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ਪੁਲਿਸ ਨੇ 'ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ' (PAIS), ਡਿਜੀਟਲ ਫੋਰੈਂਸਿਕ ਲੈਬ ਅਤੇ NATGRID ਵਰਗੀ ਅਧੁਨਿਕ ਤਕਨਾਲੋਜੀ ਅਪਨਾਈ ਹੈ। ਇਸੇ ਤਕਨਾਲੋਜੀ ਦੀ ਮਦਦ ਨਾਲ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਤੋੜਨ ਅਤੇ ਮੱਧ ਪ੍ਰਦੇਸ਼ ਤੋਂ ਕਤਲ ਦੇ ਇੱਕ ਫਰਾਰ ਦੋਸ਼ੀ ਨੂੰ ਫੜਨ ਵਿੱਚ ਸਫ਼ਲਤਾ ਮਿਲੀ। 24 ਘੰਟੇ ਨਿਗਰਾਨੀ ਲਈ 21 ਐਮਰਜੈਂਸੀ ਰਿਸਪਾਂਸ ਵਾਹਨ (ERVs), ਪੀ.ਸੀ.ਆਰ. ਮੋਟਰਸਾਈਕਲ ਅਤੇ 7 ਸਥਾਈ ਰਾਤ ਦੀਆਂ ਚੌਕੀਆਂ ਤਾਇਨਾਤ ਕੀਤੀਆਂ ਗਈਆਂ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 23,804 ਚਲਾਨ ਵੀ ਕੱਟੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.