ਤਾਜਾ ਖਬਰਾਂ
ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ 'ਤੇ ਅੱਜ ਲੌਂਗੋਵਾਲ ਵਿਖੇ ਪੰਥਕ ਅਤੇ ਰਾਜਨੀਤਿਕ ਹਲਚਲ ਜ਼ੋਰਾਂ 'ਤੇ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਵੱਖ-ਵੱਖ ਸਮਾਗਮਾਂ ਰਾਹੀਂ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੋਵੇਂ ਹੀ ਧਿਰਾਂ ਸੰਤ ਲੌਂਗੋਵਾਲ ਦੀ ਪੰਥਕ ਸੋਚ 'ਤੇ ਆਪਣਾ ਹੱਕ ਜਤਾਉਂਦਿਆਂ ਆਪੋ-ਆਪਣਾ ਸਿਆਸੀ ਵਜੂਦ ਮਜ਼ਬੂਤ ਕਰਨ ਦੀ ਕਵਾਇਦ ਵਿੱਚ ਜੁਟੀਆਂ ਹੋਈਆਂ ਹਨ।
ਸਮਾਗਮ ਦੀ ਥਾਂ ਨੂੰ ਲੈ ਕੇ ਦੋਵਾਂ ਧੜਿਆਂ ਵਿਚਾਲੇ ਕਾਫ਼ੀ ਖਿੱਚੋਤਾਣ ਦੇਖਣ ਨੂੰ ਮਿਲੀ ਸੀ। ਪ੍ਰਸ਼ਾਸਨ ਨੇ ਪਹਿਲਾਂ ਪੁਨਰ ਸੁਰਜੀਤ ਧੜੇ ਨੂੰ ਅਨਾਜ ਮੰਡੀ ਦਾ ਢੱਕਿਆ ਹੋਇਆ ਸ਼ੈੱਡ ਅਲਾਟ ਕੀਤਾ ਸੀ, ਜਦੋਂ ਕਿ ਬਾਦਲ ਅਕਾਲੀ ਦਲ ਨੂੰ ਖੁੱਲ੍ਹੇ ਮੈਦਾਨ ਵਿੱਚ ਪ੍ਰੋਗਰਾਮ ਕਰਨ ਲਈ ਕਿਹਾ ਗਿਆ ਸੀ। ਇਸ ਫੈਸਲੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਪੱਖਪਾਤ ਦੇ ਦੋਸ਼ ਲਗਾਉਂਦਿਆਂ ਹਾਈ ਕੋਰਟ ਦਾ ਰੁੱਖ ਕੀਤਾ ਸੀ। ਅਕਾਲੀ ਦਲ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਅਪ੍ਰੈਲ ਮਹੀਨੇ ਤੋਂ ਹੀ ਨਿਯਮਾਂ ਅਨੁਸਾਰ ਸਰਕਾਰੀ ਫੀਸ ਭਰ ਕੇ ਇਸ ਜਗ੍ਹਾ ਦੀ ਬੁਕਿੰਗ ਕਰਵਾਈ ਸੀ, ਜਦਕਿ ਦੂਜੇ ਧੜੇ ਨੂੰ 15 ਅਗਸਤ ਦੀ ਛੁੱਟੀ ਵਾਲੇ ਦਿਨ ਵਿਸ਼ੇਸ਼ ਛੋਟ ਦਿੰਦਿਆਂ ਮਨਜ਼ੂਰੀ ਦਿੱਤੀ ਗਈ ਸੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਉਨ੍ਹਾਂ ਨੂੰ ਅਨਾਜ ਮੰਡੀ ਦੇ ਸ਼ੈੱਡ ਵਿੱਚ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ।
ਅੱਜ ਦੇ ਇਹ ਸਮਾਗਮ ਸਿਰਫ਼ ਧਾਰਮਿਕ ਸ਼ਰਧਾਂਜਲੀ ਤੱਕ ਸੀਮਤ ਨਹੀਂ ਹਨ, ਸਗੋਂ ਸਿਆਸੀ ਲਹਾਅ ਲੈਂਦੇ ਹੋਏ ਸ਼ਕਤੀ ਪ੍ਰਦਰਸ਼ਨ ਦਾ ਰੂਪ ਧਾਰਨ ਕਰ ਚੁੱਕੇ ਹਨ। ਪੁਨਰ ਸੁਰਜੀਤ ਧੜੇ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਪ੍ਰੀਤ ਸਿੰਘ ਵਰਗੇ ਸੀਨੀਅਰ ਆਗੂ ਮੰਚ ਸੰਭਾਲਣਗੇ, ਜਿੱਥੇ ਉਹ ਸੰਤ ਲੌਂਗੋਵਾਲ ਦੇ ਏਜੰਡੇ ਨੂੰ ਅੱਗੇ ਰੱਖ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ 'ਤੇ ਨਿਸ਼ਾਨੇ ਸਾਧ ਸਕਦੇ ਹਨ। ਦੂਜੇ ਪਾਸੇ, ਬਾਦਲ ਧੜਾ ਵੀ ਵੱਡੀ ਗਿਣਤੀ ਵਿੱਚ ਸਮਰਥਕ ਜੁਟਾ ਕੇ ਪੰਥਕ ਸਿਆਸਤ ਵਿੱਚ ਆਪਣੀ ਮਜ਼ਬੂਤ ਪਕੜ ਦਾ ਸੁਨੇਹਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
Get all latest content delivered to your email a few times a month.