ਤਾਜਾ ਖਬਰਾਂ
ਜ਼ਿਲ੍ਹੇ ਦੇ ਪਿੰਡ ਸੰਧਵਾਂ ਵਿੱਚ ਇੱਕ ਵਿਆਹ ਸਮਾਗਮ ਉਸ ਵੇਲੇ ਹੰਗਾਮੇ ਵਿੱਚ ਬਦਲ ਗਿਆ, ਜਦੋਂ ਆਨੰਦ ਕਾਰਜਾਂ ਦੀ ਰਸਮ ਦੌਰਾਨ ਪਹੁੰਚੀ ਪੁਲਿਸ ਨੇ ਲੜਕੀ ਦੇ ਧਰਮੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਅਤੇ ਧੱਕਾ-ਮੁੱਕੀ ਵੀ ਦੇਖਣ ਨੂੰ ਮਿਲੀ।
ਮਿਲੀ ਜਾਣਕਾਰੀ ਅਨੁਸਾਰ, ਗਿੱਦੜਬਾਹਾ ਪੁਲਿਸ ਦੀ ਟੀਮ ਨੇ ਵਿਆਹ ਮੰਡਪ ਵਿੱਚ ਛਾਪੇਮਾਰੀ ਕਰ ਕੇ ਗਰੀਬ ਸਿੰਘ ਉਰਫ਼ ਰਾਜੂ ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਪਰਿਵਾਰਕ ਮੈਂਬਰਾਂ ਵੱਲੋਂ ਇਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਗਿਆ। ਹੰਗਾਮੇ ਦੌਰਾਨ ਇੱਕ ਵਿਅਕਤੀ ਨੇ ਗ੍ਰਿਫ਼ਤਾਰੀ ਰੋਕਣ ਲਈ ਪੁਲਿਸ ਦੀ ਗੱਡੀ ਅੱਗੇ ਲੇਟ ਕੇ ਵਿਰੋਧ ਜਤਾਇਆ, ਪਰ ਪੁਲਿਸ ਉਸ ਨੂੰ ਪਾਸੇ ਕਰ ਕੇ ਮੁਲਜ਼ਮ ਨੂੰ ਨਾਲ ਲੈ ਗਈ। ਲੜਕੀ ਦੇ ਭਰਾ ਨੇ ਦੋਸ਼ ਲਾਇਆ ਕਿ ਸਿਵਲ ਕੱਪੜਿਆਂ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਜ਼ਬਰਦਸਤੀ ਉਨ੍ਹਾਂ ਦੇ ਪਿਤਾ ਨੂੰ ਚੁੱਕਿਆ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਪਿਤਾ ਪੁਰਾਣੇ ਮਾਮਲਿਆਂ ਤੋਂ ਬਾਅਦ ਹੁਣ ਅਜਿਹੇ ਕੰਮ ਛੱਡ ਚੁੱਕੇ ਸਨ, ਪਰ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ।
ਦੂਜੇ ਪਾਸੇ, ਥਾਣਾ ਗਿੱਦੜਬਾਹਾ ਦੇ ਮੁਖੀ ਪਰਵਿੰਦਰ ਸਿੰਘ ਨੇ ਪਰਿਵਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਵਿਅਕਤੀ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਹਿੱਸਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਸੀ। ਇਸ ਗਿਰੋਹ ਦੇ 5 ਮੈਂਬਰ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਲੜਕੀ ਦਾ ਸਕਾ ਪਿਤਾ ਨਹੀਂ, ਸਗੋਂ ਧਰਮ ਦਾ ਪਿਤਾ ਬਣਿਆ ਹੋਇਆ ਸੀ। ਛਾਪੇਮਾਰੀ ਦੌਰਾਨ ਟੀਮ ਵਿੱਚ ਵਰਦੀਧਾਰੀ ਅਤੇ ਸਿਵਲ ਵਰਦੀ ਵਾਲੇ ਮੁਲਾਜ਼ਮ ਸ਼ਾਮਲ ਸਨ। ਪੁਲਿਸ ਅਨੁਸਾਰ ਪਰਿਵਾਰ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ, ਸਗੋਂ ਪਰਿਵਾਰ ਨੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਕੋਟਕਪੂਰਾ ਥਾਣੇ ਵਿਖੇ ਦਰਜ ਕਰ ਲਈ ਗਈ ਹੈ।
Get all latest content delivered to your email a few times a month.