ਤਾਜਾ ਖਬਰਾਂ
ਲੁਧਿਆਣਾ: ਖੇਤੀ ਲਾਗਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦਰਮਿਆਨ ਖਾਦ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਵੱਡਾ ਆਰਥਿਕ ਝਟਕਾ ਦਿੱਤਾ ਗਿਆ ਹੈ। ਦੇਸ਼ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐੱਨ.ਪੀ.ਕੇ. (NPK) ਖਾਦ ਦੇ ਰੇਟਾਂ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਯਾਨੀ 550 ਰੁਪਏ ਪ੍ਰਤੀ 50 ਕਿਲੋ ਗੱਟੇ ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਇਸ ਵਾਧੇ 'ਤੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਐੱਨ.ਪੀ.ਕੇ. ਖਾਦ (ਗਰੇਡ 12:32:16) ਦੀ ਕੀਮਤ ਹੁਣ 2250 ਰੁਪਏ ਪ੍ਰਤੀ ਗੱਟਾ ਹੋ ਗਈ ਹੈ, ਜੋ ਕਿ ਅਕਤੂਬਰ 2025 ਵਿੱਚ 1700 ਰੁਪਏ ਪ੍ਰਤੀ ਗੱਟਾ ਸੀ। ਉਨ੍ਹਾਂ ਦੱਸਿਆ ਕਿ ਨਵੰਬਰ 2024 ਦੌਰਾਨ ਡੀ.ਏ.ਪੀ. (DAP) ਦੀ ਕਮੀ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਵੀ ਕਣਕ ਦੀ ਬਿਜਾਈ ਲਈ ਐੱਨ.ਪੀ.ਕੇ. ਦੀ ਵਰਤੋਂ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਸੀ। ਦੇਸ਼ ਵਿੱਚ ਸਲਾਨਾ 106 ਲੱਖ ਟਨ ਐੱਨ.ਪੀ.ਕੇ., 103 ਲੱਖ ਟਨ ਡੀ.ਏ.ਪੀ., 38 ਲੱਖ ਟਨ ਪੋਟਾਸ਼ ਅਤੇ 325 ਲੱਖ ਟਨ ਯੂਰੀਆ ਦੀ ਖਪਤ ਹੁੰਦੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਡੀਜ਼ਲ ਅਤੇ ਮਹਿੰਗਾਈ ਕਾਰਨ ਖੇਤੀ ਲਾਗਤ ਪਹਿਲਾਂ ਹੀ ਬਹੁਤ ਵਧ ਚੁੱਕੀ ਹੈ ਅਤੇ ਫ਼ਸਲਾਂ ਦਾ ਉਚਿਤ ਮੁੱਲ ਨਾ ਮਿਲਣ ਕਾਰਨ ਕਿਸਾਨ ਪਹਿਲਾਂ ਹੀ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਤੁਰੰਤ ਖਾਦ ਸਬਸਿਡੀ ਨਾ ਵਧਾਈ ਤਾਂ ਆਉਣ ਵਾਲੇ ਸੀਜ਼ਨ 'ਚ ਕੰਪਨੀਆਂ 500 ਰੁਪਏ ਪ੍ਰਤੀ ਕੁਇੰਟਲ ਹੋਰ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ 'ਤੇ ਸਬਸਿਡੀ ਵਧਾ ਕੇ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ।
Get all latest content delivered to your email a few times a month.