ਤਾਜਾ ਖਬਰਾਂ
ਲੁਧਿਆਣਾ: ਕਾਨੂੰਨ ਵਿਵਸਥਾ ਨੂੰ ਸ਼ਰੇਆਮ ਚੁਣੌਤੀ ਦਿੰਦਿਆਂ ਸ਼ਹਿਰ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ (BRS ਨਗਰ) ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜੇ-ਬਲਾਕ ਸਥਿਤ 'ਪੀਜ਼ਾ ਫਰਾਮ ਮੈਕਸੀਕੋ' ਆਊਟਲੈੱਟ ਦੇ ਅੰਦਰ ਵੜ ਕੇ ਦੋ ਬਦਮਾਸ਼ਾਂ ਨੇ ਮਹਿਜ਼ ਤਿੰਨ ਸਕਿੰਟਾਂ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਹਮਲਾਵਰ ਬਾਹਰ ਸਪਲੈਂਡਰ ਮੋਟਰਸਾਈਕਲ 'ਤੇ ਇੰਤਜ਼ਾਰ ਕਰ ਰਹੇ ਆਪਣੇ ਤੀਜੇ ਸਾਥੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਦਹੇਸ਼ਤਗਰਦ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ। ਵਾਰਦਾਤ ਤੋਂ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 'ਗੋਪੀ ਲਾਹੌਰੀਆ ਗਰੁੱਪ' ਨਾਮ ਦੇ ਇੱਕ ਖਾਤੇ ਤੋਂ ਪੋਸਟ ਪਾ ਕੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਗਈ ਹੈ। ਪੋਸਟ ਵਿੱਚ ਫੋਨ ਨਾ ਚੁੱਕਣ ਅਤੇ ਨਜ਼ਰਅੰਦਾਜ਼ ਕਰਨ ਦੇ ਇਵਜ਼ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਇਸ ਨੂੰ ਸਿਰਫ਼ ਇੱਕ 'ਟ੍ਰੇਲਰ' ਦੱਸਿਆ ਗਿਆ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਦਵਿੰਦਰ ਸਿੰਘ ਅਨੁਸਾਰ ਮੌਕੇ ਤੋਂ 3 ਖਾਲੀ ਖੋਲ ਬਰਾਮਦ ਹੋਏ ਹਨ। ਦੂਜੇ ਪਾਸੇ, ਪੁਲੀਸ ਦਾ ਸਾਈਬਰ ਸੈੱਲ ਵਿੰਗ ਇੰਸਟਾਗ੍ਰਾਮ ਪੋਸਟ ਅਤੇ ਆਈ.ਪੀ. (IP) ਐਡਰੈੱਸ ਦੀ ਜਾਂਚ ਕਰ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਪੋਸਟ ਅਸਲੀ ਗੈਂਗਸਟਰਾਂ ਦੀ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਦੁਆਰਾ ਦਹਿਸ਼ਤ ਫੈਲਾਉਣ ਲਈ ਪਾਈ ਗਈ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.