ਤਾਜਾ ਖਬਰਾਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਵੀਸੀ ਦਫ਼ਤਰ ਅੱਗੇ ਧਰਨਾ ਦੇ ਰਹੇ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਅੱਜ ਜ਼ਬਰਦਸਤ ਝੜਪ ਹੋ ਗਈ। ਮਾਮਲਾ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ 'ਫ਼ੀਸ ਵਾਧੇ ਵਿਰੋਧੀ ਫ਼ਰੰਟ' ਦੀ ਅਗਵਾਈ ਹੇਠ ਵਿਦਿਆਰਥੀ ਜਥੇਬੰਦੀਆਂ ਨੇ ਵਾਈਸ ਚਾਂਸਲਰ ਦੀ ਰਿਹਾਇਸ਼ ਵੱਲ 'ਜਾਗੋ ਮਾਰਚ' ਕੱਢਦਿਆਂ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।
ਮਾਰਚ ਦੌਰਾਨ ਬੈਰੀਕੇਡ ਲਗਾ ਕੇ ਰੋਕ ਰਹੀ ਪੁਲੀਸ ਨਾਲ ਵਿਦਿਆਰਥੀਆਂ ਦੀ ਤਿੱਖੀ ਧੱਕਾਮੁੱਕੀ ਹੋਈ, ਜਿਸ ਵਿੱਚ ਕੁਝ ਵਿਦਿਆਰਥੀ ਜ਼ਖ਼ਮੀ ਹੋ ਗਏ। ਜਥੇਬੰਦੀਆਂ ਨੇ ਇਲਜ਼ਾਮ ਲਗਾਇਆ ਕਿ ਪੁਲੀਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਲੜਕੀਆਂ 'ਤੇ ਜਬਰਨ ਬਲ ਪ੍ਰਯੋਗ ਕੀਤਾ। ਹਾਲਾਂਕਿ, ਵਿਦਿਆਰਥੀਆਂ ਦੇ ਭਾਰੀ ਰੋਸ ਅੱਗੇ ਝੁਕਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਦਖ਼ਲ ਦਿੱਤਾ ਅਤੇ ਡੀਨ ਅਕਾਦਮਿਕ ਮਾਮਲੇ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥੀਆਂ ਤੋਂ ਮਾਫ਼ੀ ਮੰਗੀ, ਜਿਸ ਤੋਂ ਬਾਅਦ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ।
ਘਟਨਾ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਨੇ ਸੁਰੱਖਿਆ ਇੰਚਾਰਜ ਅਤੇ ਵਾਈਸ ਚਾਂਸਲਰ ਤੋਂ ਨੈਤਿਕ ਆਧਾਰ 'ਤੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪੁਲੀਸ ਦੀ ਇਸ ਕਾਰਵਾਈ ਵਿਰੁੱਧ ਕੱਲ੍ਹ ਸਵੇਰੇ ਯੂਨੀਵਰਸਿਟੀ ਦੀਆਂ ਸਮੂਹ ਵਿਦਿਆਰਥੀ, ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਬੈਠਕ ਬੁਲਾਈ ਗਈ ਹੈ, ਜਿਸ ਤੋਂ ਬਾਅਦ ਕੈਂਪਸ ਵਿੱਚ ਇੱਕ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ। ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੰਗਾਂ ਦੇ ਪੂਰੇ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
Get all latest content delivered to your email a few times a month.