ਤਾਜਾ ਖਬਰਾਂ
ਭਾਰਤੀ ਰੇਲਵੇ ਦੁਆਰਾ ਯਾਤਰੀਆਂ ਦੀ ਸਿਹਤ ਅਤੇ ਸੁਵਿਧਾ ਨੂੰ ਧਿਆਨ 'ਚ ਰੱਖਦਿਆਂ ਉੱਤਰੀ ਭਾਰਤ ਦੇ ਚੰਡੀਗੜ੍ਹ ਜ਼ੋਨ ਵਿੱਚ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟੜਾ ਅਤੇ ਜੰਮੂ ਵਰਗੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੋਂ ਲੰਘਣ ਵਾਲੀਆਂ 51 ਰੇਲ ਗੱਡੀਆਂ ਵਿੱਚ ਅਚਨਚੇਤ ਜਾਂਚ ਕਰਕੇ ਵੱਡੀ ਮਾਤਰਾ ਵਿੱਚ ਗ਼ੈਰ-ਮਿਆਰੀ ਅਤੇ ਗ਼ੈਰ-ਮਨਜ਼ੂਰਸ਼ੁਦਾ ਖਾਣ-ਪੀਣ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ।
ਰੇਲਵੇ ਦੇ ਕਮਰਸ਼ੀਅਲ ਵਿਭਾਗ ਅਤੇ IRCTC ਦੀਆਂ ਕੁਇੱਕ ਰਿਸਪਾਂਸ ਟੀਮਾਂ (QRTs) ਨੇ ਚੀਫ਼ ਰੀਜਨਲ ਮੈਨੇਜਰ (CRM) ਅਤੇ ਜੁਆਇੰਟ ਜਨਰਲ ਮੈਨੇਜਰ (JGM) ਦੀ ਅਗਵਾਈ ਹੇਠ ਇਹ ਕਾਰਵਾਈ ਅੰਜਾਮ ਦਿੱਤੀ। ਪਿਛਲੇ ਇੱਕ ਹਫ਼ਤੇ ਦੌਰਾਨ ਹੋਈ ਇਸ ਜਾਂਚ ਵਿੱਚ 3,108 ਗ਼ੈਰ-ਅਧਿਕਾਰਤ ਪੈਕਡ ਪੀਣ ਵਾਲੇ ਪਾਣੀ (PDW) ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਅੰਬਾਲਾ ਅਤੇ ਸਹਾਰਨਪੁਰ ਸਟੇਸ਼ਨਾਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਬਿਨਾਂ ਮਨਜ਼ੂਰੀ ਤੋਂ ਵੇਚੀ ਜਾ ਰਹੀ ਆਈਸਕ੍ਰੀਮ, ਫਲੇਵਰਡ ਮਿਲਕ ਅਤੇ ਹੋਰ ਸਮੱਗਰੀ ਦੇ 13 ਕਾਰਟਨ ਜ਼ਬਤ ਕੀਤੇ ਗਏ।
ਇਹ ਮੁਹਿੰਮ ਸਿਰਫ਼ ਚੰਡੀਗੜ੍ਹ ਰੀਜਨ ਤੱਕ ਹੀ ਸੀਮਤ ਨਹੀਂ ਹੈ, ਬਲਕਿ ਦੇਸ਼ ਦੇ ਹੋਰਨਾਂ ਰੇਲਵੇ ਜ਼ੋਨਾਂ 'ਚ ਵੀ ਸਖ਼ਤੀ ਨਾਲ ਚਲਾਈ ਜਾ ਰਹੀ ਹੈ। ਲਖਨਊ ਰੀਜਨ ਵਿੱਚ 117 ਟਰੇਨਾਂ ਦੀ ਜਾਂਚ ਦੌਰਾਨ ਗ਼ੈਰ-ਮਾਨਤਾ ਪ੍ਰਾਪਤ ਪਾਣੀ ਦੀਆਂ 5,241 ਬੋਤਲਾਂ ਜ਼ਬਤ ਕੀਤੀਆਂ ਗਈਆਂ। ਇਸੇ ਤਰ੍ਹਾਂ ਸਾਬਰਮਤੀ ਬੀਜੀ, ਹਾਵੜਾ ਅਤੇ ਗੁਵਾਹਾਟੀ ਡਿਵੀਜ਼ਨਾਂ ਅਧੀਨ ਆਉਂਦੇ ਕਾਮਾਖਿਆ, ਅਗਰਤਲਾ, ਕਟਿਹਾਰ ਅਤੇ ਡਿਬਰੂਗੜ੍ਹ ਸਟੇਸ਼ਨਾਂ 'ਤੇ ਵੀ QRT ਟੀਮਾਂ ਨੇ ਗ਼ੈਰ-ਅਧਿਕਾਰਤ ਛਾਛ, ਪਾਣੀ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਜ਼ਬਤ ਕਰਕੇ ਨਸ਼ਟ ਕਰਵਾਇਆ।
IRCTC ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਕੇਟਰਿੰਗ ਯੂਨਿਟਾਂ ਵਿੱਚ ਲਾਇਸੈਂਸ, ਸਾਫ਼-ਸਫ਼ਾਈ ਅਤੇ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰੇਲ ਯਾਤਰੀਆਂ ਨੂੰ ਸ਼ੁੱਧ ਅਤੇ ਨਿਰਧਾਰਤ ਮਾਪਦੰਡਾਂ 'ਤੇ ਖਰੇ ਉਤਰਨ ਵਾਲੇ ਉਤਪਾਦ ਮੁਹੱਈਆ ਕਰਵਾਉਣ ਲਈ ਇਹ ਜਾਂਚ ਅੱਗੇ ਵੀ ਨਿਰੰਤਰ ਜਾਰੀ ਰਹੇਗੀ।
Get all latest content delivered to your email a few times a month.