ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੀ 11 ਸਾਲਾ ਹਰਜੋਤ ਕੌਰ 'ਤੇ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਵਾਹਿਗੁਰੂ ਦੀ ਵੱਡੀ ਕਿਰਪਾ ਹੋਈ ਹੈ। 4 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 'ਮੀਰੀ ਪੀਰੀ ਖ਼ਾਲਸਾ ਮਾਰਚ' ਦੇ ਦਰਸ਼ਨ ਕਰਨ ਆਈ ਇਸ ਬੱਚੀ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਪਰਿਵਾਰ ਵੱਲੋਂ ਇਸ ਨੂੰ ਗੁਰੂ ਸਾਹਿਬ ਦੀ ਰਹਿਮਤ ਅਤੇ ਆਪਣੀਆਂ ਧੀਆਂ ਦੇ ਖ਼ੁਸ਼ਭਾਗ ਦੱਸਿਆ ਜਾ ਰਿਹਾ ਹੈ।
ਹਰਜੋਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਖ਼ਾਲਸਾ ਮਾਰਚ ਦੌਰਾਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਨ ਗਈ ਸੀ। ਵਾਪਸੀ ਸਮੇਂ ਉਸ ਨੇ ਇੱਕ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਤੀਜੇ ਦਿਨ ਜਦੋਂ ਲਾਟਰੀ ਵਿਕਰੇਤਾ ਨੇ ਘਰ ਪਹੁੰਚ ਕੇ 10 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਖ਼ੁਸ਼ਖ਼ਬਰੀ ਦਿੱਤੀ ਤਾਂ ਪਰਿਵਾਰ ਦੀ ਖ਼ੁਸ਼ੀ ਦੀ ਕੋਈ ਸੀਮਾ ਨਾ ਰਹੀ।
ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਫ਼ੈਸਲਾ ਕੀਤਾ ਹੈ ਕਿ ਲਾਟਰੀ ਦੀ ਇਹ ਪੂਰੀ 10 ਲੱਖ ਰੁਪਏ ਦੀ ਰਾਸ਼ੀ ਦੋਵਾਂ ਧੀਆਂ ਦੇ ਬੈਂਕ ਖ਼ਾਤਿਆਂ 'ਚ ਜਮ੍ਹਾਂ ਕਰਵਾਈ ਜਾਵੇਗੀ, ਤਾਂ ਜੋ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕੰਮ ਆ ਸਕੇ।
ਦੂਜੇ ਪਾਸੇ, ਲਾਟਰੀ ਵਿਕਰੇਤਾ ਨੇ ਦੱਸਿਆ ਕਿ ਇਸ ਸਟਾਲ ਤੋਂ ਲਗਾਤਾਰ ਵੱਡੇ ਇਨਾਮ ਨਿਕਲ ਰਹੇ ਹਨ। ਇਸ ਤੋਂ ਪਹਿਲਾਂ ਵੀ ਇੱਥੋਂ ਖਰੀਦੀਆਂ ਟਿਕਟਾਂ 'ਤੇ 1 ਕਰੋੜ ਅਤੇ ਡੇਢ ਕਰੋੜ ਰੁਪਏ ਦੇ ਵੱਡੇ ਇਨਾਮ ਨਿਕਲ ਚੁੱਕੇ ਹਨ।
Get all latest content delivered to your email a few times a month.