ਤਾਜਾ ਖਬਰਾਂ
ਖਨੌਰੀ: ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਭਾਰਤ-ਅਮਰੀਕਾ ਟ੍ਰੇਡ ਡੀਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵੱਲ ਚਾਲੇ ਪਾਉਣ ਨਿਕਲੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ 'ਤੇ ਹੀ ਰੋਕ ਲਿਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਕਿਸਾਨ ਬਚਾਓ ਪੈਦਲ ਯਾਤਰਾ' ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਰਹੱਦ 'ਤੇ ਸੀਮੈਂਟ ਦੇ ਬੈਰੀਕੇਡ, ਕੰਢਿਆਲੀ ਤਾਰਾਂ ਅਤੇ ਕੰਟੇਨਰ ਲਗਾ ਕੇ ਰਸਤਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਬਾਰਡਰ 'ਤੇ ਹੀ ਪੱਕਾ ਮੋਰਚਾ ਲਗਾ ਕੇ ਰਾਤ ਖੁੱਲ੍ਹੇ ਆਸਮਾਨ ਹੇਠ ਕੱਟੀ।
ਕਿਸਾਨ ਆਗੂ ਅਭਿਮਨਿਊ ਕੋਹਾੜ ਅਨੁਸਾਰ, ਇਸ ਯਾਤਰਾ ਦੀ ਖ਼ਾਸ ਗੱਲ ਇਹ ਸੀ ਕਿ ਇਸ ਵਿੱਚ ਕੋਈ ਟਰੈਕਟਰ-ਟਰਾਲੀ ਸ਼ਾਮਲ ਨਹੀਂ ਸੀ। ਦਾਤਾ ਸਿੰਘ ਵਾਲਾ ਤੋਂ ਦਿੱਲੀ ਤੱਕ ਦੇ 228 ਕਿਲੋਮੀਟਰ ਲੰਬੇ ਪੈਂਡੇ ਲਈ ਕੇਵਲ 51 ਕਿਸਾਨ ਪੈਦਲ ਅਤੇ 200 ਸਹਿਯੋਗੀ ਸ਼ਾਂਤਮਈ ਢੰਗ ਨਾਲ ਚੱਲ ਰਹੇ ਸਨ। ਇਹ ਯਾਤਰਾ 29 ਅਗਸਤ ਨੂੰ ਦਿੱਲੀ ਪਹੁੰਚ ਕੇ ਵੱਡੀ 'ਕਿਸਾਨ ਮਹਾਪੰਚਾਇਤ' ਵਿੱਚ ਤਬਦੀਲ ਹੋਣੀ ਸੀ।
ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰੀ ਕਾਰਵਾਈ 'ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਕਿਸਾਨ ਟਰੈਕਟਰਾਂ 'ਤੇ ਆਉਂਦੇ ਹਨ ਤਾਂ ਉਨ੍ਹਾਂ 'ਤੇ ਸੜਕਾਂ ਜਾਮ ਕਰਨ ਦੇ ਦੋਸ਼ ਲੱਗਦੇ ਹਨ, ਪਰ ਹੁਣ ਮਹਿਜ਼ 51 ਕਿਸਾਨਾਂ ਦੇ ਸ਼ਾਂਤਮਈ ਪੈਦਲ ਮਾਰਚ ਨੂੰ ਰੋਕ ਕੇ ਸਰਕਾਰ ਨੇ ਆਪਣੀ ਨੀਅਤ ਸਾਫ਼ ਕਰ ਦਿੱਤੀ ਹੈ। ਉਨ੍ਹਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਤੇ ਸੂਓ-ਮੋਟੋ (ਸਵੈ-ਸੰਜਾਨ) ਨੋਟਿਸ ਲੈਣ ਦੀ ਅਪੀਲ ਕੀਤੀ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਪੈਦਲ ਚੱਲਣ ਦੇ ਅਧਿਕਾਰ ਤੋਂ ਕਿਉਂ ਵਾਂਝਾ ਕੀਤਾ ਜਾ ਰਿਹਾ ਹੈ।
Get all latest content delivered to your email a few times a month.