ਤਾਜਾ ਖਬਰਾਂ
ਨਵੀਂ ਦਿੱਲੀ 15 ਅਗਸਤ -
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਹੱਕ ਲਈ ਸਰਕਾਰ ਤੋਂ ਸਵਾਲ ਪੁੱਛਣ ਲਈ ਅੱਗੇ ਆਏ ਜੈਨ ਜੀ ਅਤੇ ਜੈਨ ਅਲਫ਼ਾ ਦੇ ਹੌਂਸਲੇ ਦੀ ਜੰਮ ਕੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜੈਨ ਜੀ ਅਤੇ ਜੈਨ ਅਲਫ਼ਾ ਨੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਕੇ ਆਜ਼ਾਦੀ ਦੇ 80ਵੇਂ ਸਾਲ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਜੈਨ ਜੀ ਤੋਂ ਬਾਅਦ ਹੁਣ ਜੈਨ ਅਲਫ਼ਾ ਨੇ ਮੋਰਚਾ ਸੰਭਾਲ ਲਿਆ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਬੱਚੇ ਆਪਣੇ ਸਕੂਲ ਨੂੰ ਠੀਕ ਕਰਵਾਉਣ ਲਈ ਲੜ ਰਹੇ ਹਨ। ਉਹ ਆਪਣੇ ਸਕੂਲ ਲਈ ਡੈਸਕ, ਸਾਫ਼ ਪਾਣੀ, ਟਾਇਲਟ ਅਤੇ ਅਧਿਆਪਕਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਸਾਡੇ ਬੱਚਿਆਂ ਨੇ ਆਪਣੇ ਅਧਿਕਾਰਾਂ ਲਈ ਲੜਨਾ ਸਿੱਖ ਲਿਆ ਹੈ। ਇਹੋ ਤਾਂ ਸੱਚੀ ਆਜ਼ਾਦੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੈਨ-ਜੀ ਤੋਂ ਬਾਅਦ ਹੁਣ ਜੈਨ-ਅਲਫ਼ਾ ਨੇ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਭਰ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਛੋਟੇ-ਛੋਟੇ ਬੱਚੇ ਆਪਣੇ ਸਕੂਲਾਂ ਨੂੰ ਠੀਕ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸੜਕਾਂ 'ਤੇ ਉੱਤਰ ਰਹੇ ਹਨ। ਹਮੀਰਪੁਰ ਵਿੱਚ ਬੱਚਿਆਂ ਨੇ ਆਪਣੇ ਸਕੂਲ ਦੇ ਸਾਹਮਣੇ ਦੀ ਸੜਕ ਬਣਵਾਉਣ ਲਈ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਦੇਹਰਾਦੂਨ ਵਿੱਚ ਬੱਚੇ ਆਪਣੇ ਹੱਕ ਲਈ ਲੜ ਰਹੇ ਹਨ। ਬਾੜਮੇਰ ਵਿੱਚ ਬੱਚੇ ਟੀਚਰਾਂ ਦੀ ਮੰਗ ਕਰ ਰਹੇ ਹਨ ਅਤੇ ਇਸ ਲਈ ਸੰਘਰਸ਼ ਕਰ ਰਹੇ ਹਨ। ਇਹ ਬਹੁਤ ਵਧੀਆ ਗੱਲ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 75-80 ਸਾਲ ਬਾਅਦ ਵੀ ਅੱਜ ਸਰਕਾਰੀ ਸਕੂਲਾਂ ਦਾ ਬਹੁਤ ਮਾੜਾ ਹਾਲ ਹੈ। ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੁੰਦੇ। ਸਰਕਾਰੀ ਸਕੂਲ ਟੁੱਟੇ ਪਏ ਹਨ, ਕੰਧਾਂ ਢਹਿ ਰਹੀਆਂ ਹਨ ਅਤੇ ਛੱਤਾਂ ਡਿੱਗ ਰਹੀਆਂ ਹਨ। ਮੀਂਹ ਪੈਂਦਾ ਹੈ ਤਾਂ ਕਲਾਸਰੂਮਾਂ ਦੇ ਅੰਦਰ ਪਾਣੀ ਭਰ ਜਾਂਦਾ ਹੈ। ਸਕੂਲਾਂ ਵਿੱਚ ਟਾਇਲਟ ਨਹੀਂ ਹਨ, ਪੀਣ ਵਾਲਾ ਪਾਣੀ ਨਹੀਂ ਹੈ ਅਤੇ ਟੀਚਰ ਨਹੀਂ ਹਨ। ਕੋਈ ਪੜ੍ਹਾਈ ਨਹੀਂ ਹੋ ਰਹੀ ਅਤੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ। ਅਸੀਂ ਇਹ ਮੰਨ ਲਿਆ ਹੈ ਕਿ ਸਰਕਾਰੀ ਸਕੂਲ ਤਾਂ ਅਜਿਹੇ ਹੀ ਹੁੰਦੇ ਹਨ, ਜਦਕਿ ਅਜਿਹਾ ਨਹੀਂ ਹੈ। ਜੇ ਅਸੀਂ ਆਪਣੀ ਆਵਾਜ਼ ਨਹੀਂ ਚੁੱਕਾਂਗੇ, ਤਾਂ ਚੀਜ਼ਾਂ ਕਿਵੇਂ ਬਦਲਣਗੀਆਂ?
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤਾਂ ਅਸੀਂ ਉੱਥੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ ਦਿੱਤਾ। ਹੁਣ ਪੰਜਾਬ ਵਿੱਚ ਸਾਡੀ ਸਰਕਾਰ ਹੈ, ਤਾਂ ਅਸੀਂ ਉੱਥੇ ਵੀ ਸਕੂਲਾਂ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖੋ, ਉੱਥੋਂ ਦੇ ਬੱਚੇ ਹੁਣ ਨੀਟ ਅਤੇ ਜੇਈਈ ਦੇ ਰਹੇ ਹਨ, ਇੰਜੀਨੀਅਰ ਅਤੇ ਡਾਕਟਰ ਬਣ ਰਹੇ ਹਨ। ਸਾਡੇ ਸਾਰਿਆਂ ਨੂੰ ਮਿਲ ਕੇ ਆਪਣੇ ਹੱਕ ਦੀ ਆਵਾਜ਼ ਚੁੱਕਣੀ ਪਵੇਗੀ ਅਤੇ ਸੰਘਰਸ਼ ਕਰਨਾ ਪਵੇਗਾ, ਉਦੋਂ ਹੀ ਸਿਸਟਮ ਬਦਲੇਗਾ।
Get all latest content delivered to your email a few times a month.