ਤਾਜਾ ਖਬਰਾਂ
ਹਾਜੀਪੁਰ ਥਾਣਾ ਖੇਤਰ ਅਧੀਨ ਆਉਂਦੇ ਇਲਾਕੇ 'ਚ 12 ਸਾਲ ਪਹਿਲਾਂ ਵਿਆਹੀ ਇੱਕ ਮਹਿਲਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਇਸ ਨੂੰ ਕਤਲ ਦਾ ਮਾਮਲਾ ਮੰਨਦਿਆਂ ਉਸ ਦੇ BSF ਜਵਾਨ ਪਤੀ, ਚਾਚੇ ਅਤੇ ਚਾਚੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਮਾ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਿਤਾ ਰਾਮ ਚੰਦ (ਵਾਸੀ ਪਿੰਡ ਖੁੰਡਾ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੀ ਧੀ ਰਮਾ ਦਾ ਵਿਆਹ ਕਰੀਬ 12 ਸਾਲ ਪਹਿਲਾਂ ਅਮਰਜੀਤ ਸਿੰਘ (ਵਾਸੀ ਸ਼ੇਖਾਮੱਤਾ/ਸੁਨੇਹੜਾ) ਨਾਲ ਹੋਇਆ ਸੀ, ਜੋ ਕਿ ਬੀ.ਐੱਸ.ਐੱਫ਼. 'ਚ ਤਾਇਨਾਤ ਹੈ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਪਿਤਾ ਅਨੁਸਾਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਅਮਰਜੀਤ ਸਿੰਘ ਪੇਕੇ ਪਰਿਵਾਰ ਤੋਂ ਜ਼ਮੀਨ ਦਾ ਹਿੱਸਾ ਲਿਆਉਣ ਲਈ ਰਮਾ ਨਾਲ ਮਾਰਕੁੱਟ ਅਤੇ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਕੁਝ ਮਹੀਨੇ ਪਹਿਲਾਂ ਵੀ ਪਰਿਵਾਰਕ ਰਾਜ਼ੀਨਾਮਾ ਕਰਵਾ ਕੇ ਮਾਮਲਾ ਸੁਲਝਾਇਆ ਗਿਆ ਸੀ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 14 ਅਗਸਤ ਦੀ ਸਵੇਰੇ 4 ਵਜੇ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਰਮਾ ਛੱਤ ਤੋਂ ਡਿੱਗ ਕੇ ਜ਼ਖ਼ਮੀ ਹੋ ਗਈ ਹੈ। ਪਰ ਜਦੋਂ ਪਰਿਵਾਰਕ ਮੈਂਬਰ ਸਰਕਾਰੀ ਹਸਪਤਾਲ ਹਾਜੀਪੁਰ ਪਹੁੰਚੇ ਤਾਂ ਰਮਾ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਸਰੀਰ ਅਤੇ ਸਿਰ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਸਾਫ਼ ਸੀ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕੀਤੀ ਗਈ ਹੈ।
ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਹਾਜੀਪੁਰ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਮਰਜੀਤ ਸਿੰਘ, ਚਾਚਾ ਕੁੱਕੀ ਅਤੇ ਚਾਚੀ ਸੋਨੀਆ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.