ਤਾਜਾ ਖਬਰਾਂ
80ਵੇਂ ਸੁਤੰਤਰਤਾ ਦਿਹਾੜੇ ਦੇ ਸ਼ੁਭ ਅਵਸਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ 77 ਮਿੰਟਾਂ ਦੇ ਆਪਣੇ ਭਾਸ਼ਣ ਦੌਰਾਨ ਦੇਸ਼ ਦੀ ਪ੍ਰਗਤੀ ਦਾ ਖ਼ਾਕਾ ਪੇਸ਼ ਕੀਤਾ। ਇਸ ਦੌਰਾਨ PM ਮੋਦੀ ਦਾ ਮੁੱਖ ਫੋਕਸ ਦੇਸ਼ ਦੇ ਨੌਜਵਾਨਾਂ (Gen-Z) ਅਤੇ ਮੱਧ ਵਰਗ 'ਤੇ ਰਿਹਾ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੰਸਦ ਵਿੱਚ ਮਹਿਲਾ ਰਿਜ਼ਰਵੇਸ਼ਨ ਬਿੱਲ ਸਬੰਧੀ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਭਾਰਤ ਨੂੰ 2047 ਤੱਕ 'ਵਿਕਸਿਤ ਰਾਸ਼ਟਰ' ਬਣਾਉਣ ਦੇ ਸੰਕਲਪ ਨੂੰ ਦੁਹਰਾਇਆ।
ਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨੇ ਦੋ ਅਹਿਮ ਯੋਜਨਾਵਾਂ ਦਾ ਐਲਾਨ ਕੀਤਾ:
1 ਕਰੋੜ ਨੌਜਵਾਨਾਂ ਲਈ AI ਟ੍ਰੇਨਿੰਗ: ਇੱਕ ਸਾਲ ਦੇ ਅੰਦਰ-ਅੰਦਰ ਦੇਸ਼ ਦੇ 1 ਕਰੋੜ ਗੱਭਰੂਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਮੁਫ਼ਤ ਆਨਲਾਈਨ ਕੋਚਿੰਗ: ਮੱਧ ਵਰਗੀ ਅਤੇ ਗਰੀਬ ਪਰਿਵਾਰਾਂ 'ਤੇ ਕੋਚਿੰਗ ਕਲਾਸਾਂ ਦੇ ਆਰਥਿਕ ਬੋਝ ਨੂੰ ਘਟਾਉਣ ਲਈ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚੇ ਦੀ ਵਰਤੋਂ ਕਰਕੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਨੈੱਟਵਰਕ ਤਿਆਰ ਕੀਤਾ ਜਾਵੇਗਾ।
ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਵਧਾਉਣ ਦਾ ਜ਼ਿਕਰ ਕਰਦਿਆਂ PM ਮੋਦੀ ਨੇ ਐਲਾਨ ਕੀਤਾ ਕਿ ਪਿੰਡਾਂ ਤੇ ਸ਼ਹਿਰਾਂ 'ਚ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ 'ਟੈਲੇਂਟ ਹੰਟ' ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਦਾ ਮੁੱਖ ਮਕਸਦ 2036 ਦੇ ਓਲੰਪਿਕ ਖੇਡਾਂ ਲਈ ਨਵੀਂ ਪ੍ਰਤਿਭਾ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਦੇਣਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ 'ਸਪਤਧਾਰਾ' (ਸ਼ਕਤੀ ਦੀਆਂ 7 ਧਾਰਾਵਾਂ) ਦਾ ਸੱਦਾ ਦਿੱਤਾ, ਜਿਨ੍ਹਾਂ 'ਚ ਊਰਜਾ, ਖੇਤੀਬਾੜੀ, ਤਕਨਾਲੋਜੀ, ਗਤੀ, ਰੱਖਿਆ, ਗ੍ਰੀਨ/ਬਲੂ ਇਕਨਾਮੀ ਅਤੇ ਸਾਫਟ ਪਾਵਰ ਸ਼ਾਮਲ ਹਨ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਾਰਤ 'ਚ 3 ਸੈਮੀਕੰਡਕਟਰ ਪਲਾਂਟਾਂ 'ਚ ਉਤਪਾਦਨ ਤੇ ਬਰਾਮਦ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ 7-8 ਸਾਲਾਂ 'ਚ 5 ਤੋਂ 8 ਹੋਰ ਨਵੇਂ ਪਲਾਂਟ ਸਥਾਪਿਤ ਕੀਤੇ ਜਾਣਗੇ।
PM ਮੋਦੀ ਨੇ ਦੱਸਿਆ ਕਿ ਪਿਛਲੇ 12 ਸਾਲਾਂ ਦੀ ਅਣਥੱਕ ਮਿਹਨਤ ਸਦਕਾ ਦੇਸ਼ ਦੇ 25 ਕਰੋੜ ਨਾਗਰਿਕ ਗਰੀਬੀ ਦੀ ਰੇਖਾ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਕਦੇ ਸਭ ਤੋਂ ਕਮਜ਼ੋਰ ਅਰਥਚਾਰਿਆਂ 'ਚ ਗਿਣਿਆ ਜਾਣ ਵਾਲਾ ਭਾਰਤ ਅੱਜ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਆਰਥਿਕ ਤਾਕਤ ਬਣ ਕੇ ਉੱਭਰਿਆ ਹੈ।
Get all latest content delivered to your email a few times a month.