ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਹਿਮ ਪੱਤਰ ਭੇਜ ਕੇ ਮਹਾਨ ਮਾਨਵਤਾਵਾਦੀ ਭਾਈ ਘਨੱਈਆ ਜੀ ਦੀ ਯਾਦ ਵਿੱਚ ਹਰ ਸਾਲ 20 ਸਤੰਬਰ ਨੂੰ ਰਾਸ਼ਟਰੀ ਪੱਧਰ 'ਤੇ 'ਭਾਈ ਘਨੱਈਆ ਜੀ ਮਾਨਵਤਾਵਾਦੀ ਸੇਵਾ ਦਿਵਸ' ਵਜੋਂ ਮਨਾਉਣ ਦੀ ਵਕਾਲਤ ਕੀਤੀ ਹੈ। ਸੰਧਵਾਂ ਨੇ ਲਿਖਿਆ ਕਿ 1704 'ਚ ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧ ਦੌਰਾਨ ਭਾਈ ਘਨੱਈਆ ਜੀ ਨੇ ਦੋਸਤ ਤੇ ਦੁਸ਼ਮਣ ਦਾ ਭੇਦ ਮਿਟਾ ਕੇ ਜ਼ਖ਼ਮੀ ਸਿਪਾਹੀਆਂ ਨੂੰ ਜਲ ਛਕਾ ਕੇ ਨਿਸ਼ਕਾਮ ਸੇਵਾ ਅਤੇ ਭਾਈਚਾਰਕ ਸਾਂਝ ਦੀ ਜੋ ਮਿਸਾਲ ਕਾਇਮ ਕੀਤੀ ਸੀ, ਉਹ ਅੱਜ ਵੀ ਪੂਰੀ ਦੁਨੀਆ ਲਈ ਰਾਹ ਦਸੇਰਾ ਹੈ।
ਭਾਈ ਘਨੱਈਆ ਜੀ ਮਿਸ਼ਨ ਦੇ ਬਾਨੀ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਉਨ੍ਹਾਂ ਦੀਆਂ ਮਾਨਵਤਾਵਾਦੀ ਸੇਵਾਵਾਂ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਲਗਾਤਾਰ ਕੇਂਦਰ ਸਰਕਾਰ ਅਤੇ ਰੈੱਡ ਕਰਾਸ ਨਾਲ ਪੱਤਰ-ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੇ ਆਪਣੀ ਸਰਕਾਰੀ ਵੈੱਬਸਾਈਟ 'ਤੇ ਭਾਈ ਘਨੱਈਆ ਜੀ ਨੂੰ 'Bhai Ghanaiya Ji : The Dunant of India' ਦੇ ਸਿਰਲੇਖ ਹੇਠ ਵਿਸ਼ੇਸ਼ ਸਥਾਨ ਦਿੱਤਾ ਹੈ, ਜੋ ਉਨ੍ਹਾਂ ਦੀ ਨਿਸ਼ਕਾਮ ਸੇਵਾ ਦਾ ਵੱਡਾ ਪ੍ਰਮਾਣ ਹੈ।
ਪ੍ਰੋ. ਸੁਨੇਤ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ:
ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਭਾਈ ਘਨੱਈਆ ਜੀ ਦੇ ਫ਼ਲਸਫ਼ੇ 'ਤੇ ਸੈਮੀਨਾਰ ਕਰਵਾਏ ਜਾਣ।
ਰੈੱਡ ਕਰਾਸ ਦਫ਼ਤਰਾਂ 'ਚ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਣ।
ਉਨ੍ਹਾਂ ਦੇ ਨਾਮ 'ਤੇ ਖ਼ੂਨਦਾਨ, ਨੇਤਰਦਾਨ, ਅੰਗਦਾਨ ਅਤੇ ਫ਼ਰਸਟ ਏਡ ਟ੍ਰੇਨਿੰਗ ਵਰਗੀਆਂ ਸਮਾਜ ਭਲਾਈ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਵਿਸ਼ਵ ਸ਼ਾਂਤੀ ਅਤੇ ਮਾਨਵਤਾ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਸਕੇ।
Get all latest content delivered to your email a few times a month.