ਤਾਜਾ ਖਬਰਾਂ
ਲੁਧਿਆਣਾ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਹਰਜਿੰਦਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਪੰਜ ਦਿਨਾਂ ਬਾਅਦ ਅੱਜ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ, ਪਰ ਪੁਲਿਸ ਕਮਿਸ਼ਨਰ ਨਾਲ ਹੋਈ ਅਹਿਮ ਬੈਠਕ ਅਤੇ ਦੋ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ 8 ਅਗਸਤ ਦੀ ਰਾਤ ਲਗਭਗ 11:30 ਵਜੇ ਕਿਪਸ ਮਾਰਕੀਟ ਵਿਖੇ ਹਰਜਿੰਦਰ ਸਿੰਘ 'ਤੇ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਹਰਜਿੰਦਰ ਆਪਣੇ ਦੋਸਤਾਂ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਜਿਵੇਂ ਹੀ ਐਕਟਿਵਾ ਲੈਣ ਲੱਗਾ, ਤਾਂ ਇਹ ਵਾਰਦਾਤ ਵਾਪਰੀ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰ ਨੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਪੁਲਿਸ ਕਮਿਸ਼ਨਰ ਨੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਸਮਝਾਇਆ ਕਿ ਪੋਸਟਮਾਰਟਮ 'ਚ ਦੇਰੀ ਹੋਣ ਨਾਲ ਜਾਂਚ ਅਤੇ ਕਾਨੂੰਨੀ ਤੱਥ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮਾਮਲੇ ਦੇ ਦੋ ਮੁੱਖ ਅਪਰਾਧੀਆਂ ਨੂੰ ਹਿਰਾਸਤ 'ਚ ਲੈ ਲਿਆ। ਮੁਲਜ਼ਮਾਂ ਦੇ ਕਬਜ਼ੇ 'ਚੋਂ ਵਾਰਦਾਤ ਵਿੱਚ ਵਰਤਿਆ ਗਿਆ ਵਿਦੇਸ਼ੀ 'ਗਲੌਕ ਪਿਸਤੌਲ' (Glock Pistol) ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਗਏ ਹਨ। ਪੁਲਿਸ ਆਗੂਆਂ ਦੇ ਆਸ਼ਵਾਸਨ ਤੋਂ ਬਾਅਦ ਹੁਣ ਪਰਿਵਾਰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਤਿਆਰ ਹੋ ਗਿਆ ਹੈ।
Get all latest content delivered to your email a few times a month.