ਤਾਜਾ ਖਬਰਾਂ
ਪਟਿਆਲਾ ਦੇ ਘੁੰਮਣ ਨਗਰ ਵਿੱਚ ਪਾਲਤੂ ਪਿਟਬੁੱਲ ਕੁੱਤੇ ਵੱਲੋਂ ਘਰ ਦੇਖਣ ਆਏ ਜੋੜੇ 'ਤੇ ਕੀਤੇ ਖ਼ੂਨੀ ਹਮਲੇ ਦੇ ਮਾਮਲੇ ਵਿੱਚ ਥਾਣਾ ਅਨਾਜ ਮੰਡੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ FIR ਨੰਬਰ 137 ਦਰਜ ਕਰ ਲਈ ਹੈ। ਪੁਲਿਸ ਨੇ ਇਹ ਕਾਰਵਾਈ BNS ਦੀ ਧਾਰਾ 291 ਅਤੇ 125 ਤਹਿਤ ਕੀਤੀ ਹੈ। ਹਾਲਾਂਕਿ, ਕੁੱਤੇ ਦੇ ਅਸਲ ਮਾਲਕ ਦੀ ਪਛਾਣ ਨਾ ਹੋਣ ਕਾਰਨ ਫਿਲਹਾਲ ਉਸ ਘਰ ਦਾ ਨੰਬਰ ਹੀ ਪਰਚੇ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚੋਂ ਕੁੱਤਾ ਬਾਹਰ ਨਿਕਲਿਆ ਸੀ।
ਜਾਣਕਾਰੀ ਅਨੁਸਾਰ ਯੈੱਸ ਬੈਂਕ ਕਰਮਚਾਰੀ ਅੰਕਿਤ ਆਪਣੀ ਪਤਨੀ ਨਾਲ ਕਿਰਾਏ ਲਈ ਮਕਾਨ ਦੇਖਣ ਆਇਆ ਸੀ। ਜਿਵੇਂ ਹੀ ਉਨ੍ਹਾਂ ਨੇ ਗੇਟ ਖੋਲ੍ਹਿਆ, ਪਿਟਬੁੱਲ ਨੇ ਅਚਾਨਕ ਧਾਵਾ ਬੋਲ ਦਿੱਤਾ। ਮਹਿਜ਼ 1 ਮਿੰਟ 15 ਸੈਕਿੰਡ 'ਚ ਕੁੱਤੇ ਨੇ ਜੋੜੇ 'ਤੇ 26 ਵਾਰ ਜਾਨਲੇਵਾ ਵਾਰ ਕੀਤੇ। ਔਰਤ ਦੀ ਬਾਂਹ ਅਤੇ ਲੱਤਾਂ ਦੀ ਗੰਭੀਰ ਸਰਜਰੀ ਕਰਨੀ ਪਈ ਹੈ, ਜਦਕਿ ਉਸ ਦੇ ਪਤੀ ਦੇ ਸਰੀਰ 'ਤੇ ਕਈ ਟਾਂਕੇ ਲੱਗੇ ਹਨ। ਪੀੜਤ ਅੰਕਿਤ ਨੇ ਦੱਸਿਆ ਕਿ ਮਾਲਕ ਦੇ ਰੋਕਣ 'ਤੇ ਵੀ ਕੁੱਤਾ ਨਹੀਂ ਹਟਿਆ ਅਤੇ ਲੋਕਾਂ ਵੱਲੋਂ ਡੰਡਿਆਂ ਨਾਲ ਵਾਰ ਕਰਨ ਤੋਂ ਬਾਅਦ ਹੀ ਉਨ੍ਹਾਂ ਦੀ ਜਾਨ ਬਚ ਸਕੀ।
ਪੁਲਿਸ ਅਧਿਕਾਰੀਆਂ ਅਨੁਸਾਰ 15 ਅਗਸਤ ਦੇ ਸੁਰੱਖਿਆ ਇੰਤਜ਼ਾਮਾਂ ਵਿੱਚ ਡਿਊਟੀਆਂ ਲੱਗਣ ਕਾਰਨ ਮਾਮਲਾ ਥੋੜ੍ਹਾ ਦੇਰੀ ਨਾਲ ਧਿਆਨ ਵਿੱਚ ਆਇਆ। ਫਿਲਹਾਲ ਜਾਂਚ ਜਾਰੀ ਹੈ ਕਿ ਪਿਟਬੁੱਲ ਦਾ ਅਸਲ ਮਾਲਕ ਕੌਣ ਹੈ। ਪੁਲਿਸ ਦਾ ਦਾਅਵਾ ਹੈ ਕਿ ਜਾਂਚ ਪੂਰੀ ਹੁੰਦੇ ਹੀ ਸਬੰਧਤ ਮਾਲਕ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।
Get all latest content delivered to your email a few times a month.