ਤਾਜਾ ਖਬਰਾਂ
ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ 'ਤੇ ਸਥਿਤ 'ਮਿੱਤਲ ਹਸਪਤਾਲ' ਵਿੱਚ ਬੁੱਧਵਾਰ ਰਾਤ ਨੂੰ ਅਚਾਨਕ ਭਿਆਨਕ ਅੱਗ ਲੱਗਣ ਨਾਲ ਭਗਦੜ ਮਚ ਗਈ। ਇਹ ਹਾਦਸਾ ਰਾਤ ਲਗਭਗ 9:30 ਵਜੇ ਵਾਪਰਿਆ, ਜਦੋਂ ਦੋ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਧੂੰਏਂ ਦੀਆਂ ਲਪਟਾਂ ਉੱਠਣ ਲੱਗੀਆਂ। ਰਾਹਤ ਦੀ ਗੱਲ ਇਹ ਰਹੀ ਕਿ ਹਸਪਤਾਲ ਪ੍ਰਬੰਧਕਾਂ ਦੀ ਮੁਸਤੈਦੀ ਨਾਲ ਇਲਾਜ ਅਧੀਨ 8 ਮਰੀਜ਼ਾਂ ਅਤੇ 12 ਤੋਂ ਵੱਧ ਦੇਖਭਾਲ ਕਰਨ ਵਾਲਿਆਂ (ਅਟੈਂਡੈਂਟਾਂ) ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਕੇ ਦੂਜੇ ਹਸਪਤਾਲ ਸ਼ਿਫ਼ਟ ਕਰ ਦਿੱਤਾ ਗਿਆ, ਜਿਸ ਨਾਲ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਡਾ. ਆਸ਼ੀਸ਼ ਮਿੱਤਲ ਅਤੇ ਡਾ. ਸੁਪਰਨਾ ਮਿੱਤਲ ਵੱਲੋਂ ਚਲਾਏ ਜਾ ਰਹੇ ਇਸ ਹਸਪਤਾਲ ਵਿੱਚ ਅੱਗ ਦੇਖਦਿਆਂ ਹੀ ਫਾਇਰ ਅਲਾਰਮ ਅਤੇ ਹਸਪਤਾਲ ਦੇ ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਨਗਰ ਕੌਂਸਲ ਦੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ।
ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਹਾਦਸੇ 'ਚ ਹਸਪਤਾਲ ਦੀਆਂ ਦੋਵੇਂ ਮੰਜ਼ਿਲਾਂ ਵਿੱਚ ਰੱਖਿਆ ਲੱਖਾਂ ਰੁਪਏ ਦਾ ਮੈਡੀਕਲ ਸਮਾਨ ਅਤੇ ਇਮਾਰਤ ਦਾ ਭਾਰੀ ਨੁਕਸਾਨ ਹੋਇਆ ਹੈ। ਡਾਕਟਰ ਆਸ਼ੀਸ਼ ਮਿੱਤਲ ਅਨੁਸਾਰ, ਉਨ੍ਹਾਂ ਦਾ ਪਹਿਲਾ ਮਨੋਰਥ ਮਰੀਜ਼ਾਂ ਅਤੇ ਸਟਾਫ਼ ਦੀ ਜਾਨ ਬਚਾਉਣਾ ਸੀ, ਜਿਸ 'ਚ ਉਹ ਸਫ਼ਲ ਰਹੇ। ਵਿੱਤੀ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
Get all latest content delivered to your email a few times a month.