ਤਾਜਾ ਖਬਰਾਂ
ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ 14 ਤੋਂ 18 ਅਗਸਤ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਅੱਜ (13 ਅਗਸਤ) ਲਈ ਕੋਈ ਅਲਰਟ ਨਹੀਂ ਹੈ, ਪਰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ।
ਬੁੱਧਵਾਰ ਨੂੰ ਮੀਂਹ ਨਾ ਪੈਣ ਕਰਕੇ ਪੰਜਾਬ ਦੇ ਔਸਤ ਤਾਪਮਾਨ 'ਚ 4.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਪਠਾਨਕੋਟ 'ਚ ਪਾਰਾ 9.8 ਡਿਗਰੀ ਅਤੇ ਚੰਡੀਗੜ੍ਹ 'ਚ 7 ਡਿਗਰੀ ਤੱਕ ਉੱਛਲਿਆ, ਜਦਕਿ ਭਾਖੜਾ ਡੈਮ 37.4 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ ਪੰਜਾਬ 'ਚ ਹੁਣ ਤੱਕ 195.1 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 32 ਫ਼ੀਸਦੀ ਘੱਟ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਅਗਲੇ 12 ਘੰਟਿਆਂ ਵਿੱਚ 'ਡਿਪਰੈਸ਼ਨ' ਵਿੱਚ ਤਬਦੀਲ ਹੋ ਕੇ ਉੱਤਰ-ਪੱਛਮ ਵੱਲ ਵਧੇਗਾ। ਇਸ ਦੇ ਨਾਲ ਹੀ ਦੱਖਣੀ ਹਰਿਆਣਾ ਵਿੱਚ ਸਰਗਰਮ ਮੌਸਮ ਪ੍ਰਣਾਲੀ ਅਤੇ ਪੱਛਮੀ ਗੜਬੜੀ (Western Disturbance) ਦੇ ਮਿਲਾਪ ਨਾਲ 14 ਅਗਸਤ ਤੋਂ ਮੀਂਹ ਦੀਆਂ ਗਤੀਵਿਧੀਆਂ 'ਚ ਤੇਜ਼ੀ ਆਵੇਗੀ।
ਦੂਜੇ ਪਾਸੇ, ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਦੇ ਪ੍ਰਮੁੱਖ ਡੈਮਾਂ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ। ਭਾਖੜਾ ਡੈਮ ਦਾ ਪਾਣੀ ਦਾ ਪੱਧਰ 1,616.2 ਫੁੱਟ (ਖ਼ਤਰੇ ਦਾ ਨਿਸ਼ਾਨ 1,680 ਫੁੱਟ) ਅਤੇ ਪੌਂਗ ਡੈਮ ਦਾ ਪੱਧਰ 1,351.73 ਫੁੱਟ (ਖ਼ਤਰੇ ਦਾ ਨਿਸ਼ਾਨ 1,390 ਫੁੱਟ) 'ਤੇ ਹੈ। ਪ੍ਰਸ਼ਾਸਨ ਵੱਲੋਂ ਦੋਵਾਂ ਡੈਮਾਂ ਵਿੱਚ ਪਾਣੀ ਦੇ ਆਮਦ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
Get all latest content delivered to your email a few times a month.