ਤਾਜਾ ਖਬਰਾਂ
ਮੁੰਬਈ: ਕਾਰਪੋਰੇਟ ਜਗਤ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਸੰਨਜ਼ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਕੰਪਨੀ ਦੀ 18 ਅਗਸਤ ਨੂੰ ਹੋਣ ਵਾਲੀ 'ਸਾਲਾਨਾ ਆਮ ਮੀਟਿੰਗ' (AGM) ਤੋਂ ਠੀਕ ਪਹਿਲਾਂ ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ, ਉਹ ਤੁਰੰਤ ਕੁਰਸੀ ਨਹੀਂ ਛੱਡਣਗੇ, ਬਲਕਿ 20 ਫਰਵਰੀ 2027 ਤੱਕ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ ਅਤੇ ਮੁੜ ਨਿਯੁਕਤੀ ਲਈ ਦਾਅਵੇਦਾਰੀ ਪੇਸ਼ ਨਹੀਂ ਕਰਨਗੇ।
ਅਸਤੀਫ਼ੇ ਪਿੱਛੇ ਬੋਰਡ ਦੇ ਅੰਦਰੂਨੀ ਮਤਭੇਦਾਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਸਰ ਦੋਰਾਬਜੀ ਅਤੇ ਸਰ ਰਤਨ ਟਾਟਾ ਟਰੱਸਟ ਵੱਲੋਂ ਚੰਦਰਸ਼ੇਖਰਨ ਦੇ ਕਾਰਜਕਾਲ ਨੂੰ ਹੋਰ 5 ਸਾਲ ਵਧਾਉਣ ਦੀ ਸਿਫ਼ਾਰਿਸ਼ ਕੀਤੀ ਗਈ ਸੀ, ਪਰ 24 ਫਰਵਰੀ 2026 ਨੂੰ ਹੋਈ ਬੋਰਡ ਮੀਟਿੰਗ ਦੌਰਾਨ ਬੋਰਡ ਦੇ ਇੱਕ ਮੈਂਬਰ ਦੇ ਵਿਰੋਧ ਕਾਰਨ ਸਰਬਸੰਮਤੀ ਨਹੀਂ ਬਣ ਸਕੀ। ਚਰਚਾਵਾਂ ਹਨ ਕਿ ਟਾਟਾ ਟਰੱਸਟ ਦੇ ਚੇਅਰਮੈਨ ਨੋਏਲ ਟਾਟਾ ਅਤੇ ਚੰਦਰਸ਼ੇਖਰਨ ਵਿਚਕਾਰ ਕੰਪਨੀ ਦੀਆਂ ਭਵਿੱਖੀ ਰਣਨੀਤੀਆਂ, ਬੋਰਡ ਦੀ ਨੁਮਾਇੰਦਗੀ ਅਤੇ ਸ਼ਾਪੂਰਜੀ ਪੱਲੋਂਜੀ ਗਰੁੱਪ ਨਾਲ ਜੁੜੇ ਮੁੱਦਿਆਂ 'ਤੇ ਸਹਿਮਤੀ ਨਹੀਂ ਸੀ।
ਆਪਣੀ 40 ਸਾਲਾ ਪੇਸ਼ੇਵਰ ਯਾਤਰਾ ਦਾ ਜ਼ਿਕਰ ਕਰਦਿਆਂ ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਸਮੂਹ ਦੀ ਅਗਵਾਈ ਕਰਨਾ ਉਨ੍ਹਾਂ ਲਈ ਬਹੁਤ ਵੱਡਾ ਮਾਣ ਸੀ, ਪਰ ਛੇ ਮਹੀਨਿਆਂ ਤੋਂ ਫ਼ੈਸਲਾ ਲਟਕਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। 1987 'ਚ TCS ਤੋਂ ਕਰੀਅਰ ਸ਼ੁਰੂ ਕਰਨ ਵਾਲੇ ਚੰਦਰਸ਼ੇਖਰਨ 2017 'ਚ ਟਾਟਾ ਸੰਨਜ਼ ਦੇ ਪਹਿਲੇ 'ਗੈਰ-ਪਾਰਸੀ' ਚੇਅਰਮੈਨ ਬਣੇ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਏਅਰ ਇੰਡੀਆ ਦੀ ਵਾਪਸੀ, ਸੈਮੀਕੰਡਕਟਰ, ਇਲੈਕਟ੍ਰਾਨਿਕਸ ਅਤੇ ਨਵੀਂ ਊਰਜਾ ਵਰਗੇ ਖੇਤਰਾਂ ਵਿੱਚ ਟਾਟਾ ਦਾ ਵਿਸਥਾਰ ਕਰਕੇ ਗਰੁੱਪ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ।
Get all latest content delivered to your email a few times a month.