ਤਾਜਾ ਖਬਰਾਂ
ਨਵਾਂਸ਼ਹਿਰ ਦੇ ਪਿੰਡ ਗੜ੍ਹਪਧਾਣਾ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹਿਰਦੇਵੇਧਕ ਘਟਨਾ ਸਾਹਮਣੇ ਆਈ ਹੈ, ਜਿੱਥੇ ਆਨਲਾਈਨ ਗੇਮ ਵਿੱਚ ਪੈਸੇ ਗੁਆਉਣ ਕਾਰਨ ਬਣੇ ਮਾਨਸਿਕ ਦਬਾਅ ਹੇਠ ਤਿੰਨ ਦੋਸਤਾਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ। ਇਸ ਖ਼ੌਫ਼ਨਾਕ ਕਦਮ ਕਾਰਨ 13 ਸਾਲਾ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੇ ਦੋ ਹੋਰ ਸਾਥੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਮ੍ਰਿਤਕ ਬੱਚੇ ਦੀ ਪਛਾਣ 13 ਸਾਲਾ ਪਰਮਜੀਤ ਸਿੰਘ ਖ਼ਾਲਸਾ ਵਜੋਂ ਹੋਈ ਹੈ। ਘਟਨਾ ਦੌਰਾਨ ਜ਼ਹਿਰ ਖਾਣ ਵਾਲੇ 21 ਸਾਲਾ ਦਿਲਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ, ਜਦਕਿ 15 ਸਾਲਾ ਮਨਿੰਦਰ ਸਿੰਘ ਦੀ ਸਿਹਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਵਾਲੇ ਤਿੰਨਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲੈ ਕੇ ਪਹੁੰਚੇ ਸਨ, ਜਿੱਥੇ ਡਾਕਟਰਾਂ ਨੇ ਪਰਮਜੀਤ ਨੂੰ ਮ੍ਰਿਤਕ ਐਲਾਨ ਦਿੱਤਾ।
ਪਿੰਡ ਦੇ ਸਰਪੰਚ ਹਰਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਆਪਸ ਵਿੱਚ ਗੂੜ੍ਹੇ ਦੋਸਤ ਸਨ। ਮੁੱਖ ਤੌਰ 'ਤੇ ਸਾਹਮਣੇ ਆ ਰਿਹਾ ਹੈ ਕਿ ਇਹ ਨੌਜਵਾਨ ਮੋਬਾਈਲ 'ਤੇ ਕੋਈ ਆਨਲਾਈਨ ਗੇਮ ਖੇਡਦੇ ਸਨ, ਜਿਸ ਵਿੱਚ ਉਹ ਵੱਡੀ ਰਕਮ ਹਾਰ ਚੁੱਕੇ ਸਨ। ਪਰਿਵਾਰ ਦੇ ਡਰ ਅਤੇ ਨੁਕਸਾਨ ਦੇ ਮਾਨਸਿਕ ਬੋਝ ਕਾਰਨ ਖੌਫ਼ ਵਿੱਚ ਆਏ ਤਿੰਨਾਂ ਦੋਸਤਾਂ ਨੇ ਇਹ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੁਖਦਾਈ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਹਰ ਤਕਨੀਕੀ ਅਤੇ ਹੋਰਨਾਂ ਪਹਿਲੂਆਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.