ਤਾਜਾ ਖਬਰਾਂ
ਪੰਜਾਬ ਦੇ ਪਿੰਡਾਂ ਨੂੰ ਹਰੀ ਊਰਜਾ (ਗ੍ਰੀਨ ਐਨਰਜੀ) ਨਾਲ ਜੋੜਨ ਅਤੇ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਭਗਵਾਨ ਮਾਨ ਸਰਕਾਰ ਨੇ ਇੱਕ ਅਹਿਮ ਪਹਿਲਕਦਮੀ ਕੀਤੀ ਹੈ। ਨਵ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਸੂਬੇ ਦੇ 13,500 ਪਿੰਡਾਂ ਨੂੰ ਸੋਲਰ ਲਾਈਟਾਂ ਨਾਲ ਰੁਸ਼ਨਾਉਣ ਲਈ 470 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਪਹਿਲੇ ਗੇੜ ਦਾ ਉਦਘਾਟਨ ਅੱਜ ਕਰ ਦਿੱਤਾ ਗਿਆ ਹੈ।
ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੂਰੇ ਪੰਜਾਬ ਵਿੱਚ ਕੁੱਲ 3 ਲੱਖ ਸੋਲਰ ਲਾਈਟਾਂ ਲਗਾਈਆਂ ਜਾਣਗੀਆਂ। ਸਰਕਾਰ ਨੇ ਪੰਚਾਇਤਾਂ 'ਤੇ ਵਿੱਤੀ ਬੋਝ ਘਟਾਉਣ ਲਈ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ 70 ਫ਼ੀਸਦੀ ਖ਼ਰਚਾ ਪੰਚਾਇਤਾਂ ਅਤੇ 30 ਫ਼ੀਸਦੀ ਸਰਕਾਰ ਦਿੰਦੀ ਸੀ, ਪਰ ਹੁਣ 70 ਫ਼ੀਸਦੀ ਹਿੱਸਾ ਸੂਬਾ ਸਰਕਾਰ ਪਾਵੇਗੀ ਅਤੇ ਪੰਚਾਇਤਾਂ ਨੂੰ ਸਿਰਫ਼ 30 ਫ਼ੀਸਦੀ ਖ਼ਰਚਾ ਹੀ ਦੇਣਾ ਪਵੇਗਾ। ਅੱਜ ਸ਼ੁਰੂ ਹੋਏ ਪਹਿਲੇ ਪੜਾਅ ਦੌਰਾਨ 2,617 ਪਿੰਡਾਂ 'ਚ 50,870 ਲਾਈਟਾਂ ਲਗਾਉਣ ਲਈ ਸਬੰਧਤ ਕੰਪਨੀਆਂ ਨੂੰ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ। ਅਗਲੇ 4 ਮਹੀਨਿਆਂ ਅੰਦਰ ਤਿੰਨ ਲੱਖ ਲਾਈਟਾਂ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਇਨ੍ਹਾਂ ਲਾਈਟਾਂ ਦੀ 5 ਸਾਲ ਦੀ ਗਾਰੰਟੀ ਹੋਵੇਗੀ ਅਤੇ ਮਰੰਮਤ (AMC) ਦੀ ਜ਼ਿੰਮੇਵਾਰੀ ਸਬੰਧਤ ਕੰਪਨੀਆਂ ਦੀ ਹੋਵੇਗੀ। ਇਸ ਤੋਂ ਇਲਾਵਾ, ਪੰਜਾਬ ਐਨਰਜੀ ਡਿਵਲਪਮੈਂਟ ਏਜੰਸੀ (PEDA) ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ, ਜਿੱਥੋਂ ਆਨਲਾਈਨ ਮੋਨੀਟਰਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕੇਗਾ ਕਿ ਕਿਹੜੀਆਂ ਲਾਈਟਾਂ ਚੱਲ ਰਹੀਆਂ ਹਨ ਅਤੇ ਕਿੱਥੇ ਖ਼ਰਾਬੀ ਹੈ। ਮੰਤਰੀ ਨੇ ਕਿਹਾ ਕਿ ਪਹਿਲ ਦੇ ਆਧਾਰ 'ਤੇ ਗੁਰਦੁਆਰਾ ਸਾਹਿਬਾਨ, ਮੰਦਰਾਂ, ਬੱਸ ਅੱਡਿਆਂ ਅਤੇ ਸੱਥਾਂ ਵਰਗੀਆਂ ਜਨਤਕ ਥਾਵਾਂ 'ਤੇ ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਪਿੰਡਾਂ ਦਾ ਮਾਹੌਲ ਸੁਰੱਖਿਅਤ ਬਣੇਗਾ। ਉਨ੍ਹਾਂ ਬਾਕੀ ਪੰਚਾਇਤਾਂ ਨੂੰ ਵੀ ਇਸ ਸਕੀਮ ਵਿੱਚ ਜਲਦ ਸ਼ਾਮਲ ਹੋਣ ਦੀ ਅਪੀਲ ਕੀਤੀ।
Get all latest content delivered to your email a few times a month.