ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਰਾਜ ਭਵਨ 'ਚ ਹੋਈ ਇਸ ਉੱਚ-ਪੱਧਰੀ ਬੈਠਕ ਦੌਰਾਨ ਪੰਜਾਬ ਦੇ ਭਲਾਈ ਮੁੱਦਿਆਂ ਤੋਂ ਇਲਾਵਾ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਅਰਜ਼ੀ ਅਤੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਵੱਖ-ਵੱਖ ਬਿੱਲਾਂ 'ਤੇ ਵਿਸਥਾਰ ਨਾਲ ਚਰਚਾ ਹੋਈ।
ਸੂਤਰਾਂ ਅਨੁਸਾਰ, ਇਸ ਮੁਲਾਕਾਤ ਦਾ ਮੁੱਖ ਕੇਂਦਰ ਮੁੱਖ ਮੰਤਰੀ ਵੱਲੋਂ ਹਾਲ ਹੀ 'ਚ ਗਵਰਨਰ ਨੂੰ ਭੇਜੀ ਗਈ ਉਹ ਚਿੱਠੀ ਸੀ, ਜਿਸ 'ਚ ਉਨ੍ਹਾਂ ਮਨੁੱਖਤਾ ਦੇ ਆਧਾਰ 'ਤੇ ਜਗਤਾਰ ਸਿੰਘ ਹਵਾਰਾ ਲਈ 10 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ। ਹਵਾਰਾ ਦੀ ਬਜ਼ੁਰਗ ਮਾਤਾ ਦੀ ਗੰਭੀਰ ਸਿਹਤ ਸਥਿਤੀ ਦਾ ਹਵਾਲਾ ਦਿੰਦਿਆਂ ਸੀ.ਐੱਮ. ਮਾਨ ਨੇ ਕਿਹਾ ਸੀ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਹੀ ਲੋਕਤੰਤਰ ਦੀ ਅਸਲ ਪਛਾਣ ਹੈ।
ਇਸ ਤੋਂ ਇਲਾਵਾ, 3 ਅਗਸਤ ਤੋਂ 10 ਅਗਸਤ ਤੱਕ ਚੱਲੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਪਾਰਿਤ ਕੀਤੇ ਗਏ ਮਹੱਤਵਪੂਰਨ ਬਿੱਲਾਂ ਦੀ ਪ੍ਰਵਾਨਗੀ ਦਾ ਮੁੱਦਾ ਵੀ ਬੈਠਕ 'ਚ ਗੂੰਜਿਆ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅਤੇ ਰਾਜ ਭਵਨ ਵਿਚਾਲੇ ਬਿੱਲਾਂ ਦੀ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਹ ਮੁਲਾਕਾਤ ਬੇਹੱਦ ਅਹਿਮ ਹੈ। ਬੈਠਕ ਦੇ ਵੇਰਵੇ ਸੀ.ਐੱਮ. ਮਾਨ ਵੱਲੋਂ ਪ੍ਰੈੱਸ ਕਾਨਫ਼ਰੰਸ ਰਾਹੀਂ ਸਾਂਝੇ ਕੀਤੇ ਜਾਣਗੇ।
Get all latest content delivered to your email a few times a month.