ਤਾਜਾ ਖਬਰਾਂ
ਭਾਰਤੀ ਰੇਲ ਤਕਨਾਲੋਜੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕਰਦਿਆਂ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ। ਰੇਲ ਕੋਚ ਫੈਕਟਰੀ (RCF) ਕਪੂਰਥਲਾ ਵੱਲੋਂ ਬੰਗਲਾਦੇਸ਼ ਰੇਲਵੇ ਲਈ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ 19 LHB ਬ੍ਰਾਡ ਗੇਜ ਯਾਤਰੀ ਕੋਚਾਂ ਦੀ ਪਹਿਲੀ ਖੇਪ (ਰੇਕ) 12 ਅਗਸਤ 2026 ਨੂੰ ਰੋਲਆਊਟ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਕੋਚਾਂ 'ਚ ਕਈ ਅਜਿਹੇ ਅਧੁਨਿਕ ਡਿਜ਼ਾਈਨ ਅਤੇ ਤਕਨੀਕੀ ਬਦਲਾਅ ਕੀਤੇ ਗਏ ਹਨ, ਜੋ LHB ਕੋਚਾਂ ਦੀ ਇਤਿਹਾਸ 'ਚ ਪਹਿਲੀ ਵਾਰ ਸ਼ਾਮਲ ਹੋਏ ਹਨ।
ਬੰਗਲਾਦੇਸ਼ ਰੇਲਵੇ ਦੀ ਮੰਗ ਅਨੁਸਾਰ ਤਿਆਰ ਕੀਤੀ ਇਸ ਵਿਸ਼ੇਸ਼ ਟ੍ਰੇਨ ਵਿੱਚ 3 AC ਸਲੀਪਰ, 3 AC ਚੇਅਰ ਕਾਰ, 11 ਨਾਨ-AC ਚੇਅਰ ਕਾਰ ਅਤੇ 2 ਪਾਵਰ ਕਾਰ ਸ਼ਾਮਲ ਹਨ। ਯਾਤਰੀਆਂ ਦੇ ਸੁਖਾਵੇਂ ਸਫ਼ਰ ਲਈ ਇਨ੍ਹਾਂ ਵਿੱਚ ਨਵੇਂ ਰਿਕਲਾਈਨਿੰਗ ਸੀਟ ਡਿਜ਼ਾਈਨ, ਸਟੇਨਲੈੱਸ ਸਟੀਲ ਦੇ ਆਰਮ-ਰੇਸਟ ਤੇ ਫੁੱਟ-ਰੇਸਟ ਅਤੇ AC ਕੋਚਾਂ ਵਿੱਚ ਵਾਧੂ ਪੱਖੇ ਲਗਾਏ ਗਏ ਹਨ। 'ਮੇਡ ਇਨ ਇੰਡੀਆ' ਤਹਿਤ ਤਿਆਰ ਇਹ ਪ੍ਰੋਜੈਕਟ ਨਾ ਸਿਰਫ਼ ਭਾਰਤ-ਬੰਗਲਾਦੇਸ਼ ਵਿਚਕਾਰ ਰੇਲ ਸਹਿਯੋਗ ਨੂੰ ਨਵੀਂ ਉੱਚਾਈ 'ਤੇ ਲੈ ਕੇ ਜਾਵੇਗਾ, ਸਗੋਂ ਵਿਸ਼ਵ ਮਾਰਕੀਟ 'ਚ ਭਾਰਤੀ ਰੇਲਵੇ ਇੰਜੀਨੀਅਰਿੰਗ ਲਈ ਨਵੇਂ ਆਰਡਰਾਂ ਦੇ ਰਾਹ ਵੀ ਖੋਲ੍ਹੇਗਾ।
ਇਸ ਇਤਿਹਾਸਕ ਪਲ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ RCF ਦੀ ਪੂਰੀ ਟੀਮ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਇੰਜੀਨੀਅਰਿੰਗ ਸਮਰੱਥਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਨਵੇਂ ਭਾਰਤ' ਦੇ ਵਿਜ਼ਨ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਨਾਲ ਪੰਜਾਬ ਦੀ ਪ੍ਰਤਿਭਾ ਅਤੇ ਭਾਰਤ ਦੀ ਤਕਨਾਲੋਜੀ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਲੋਹਾ ਮਨਵਾ ਰਹੀ ਹੈ।
Get all latest content delivered to your email a few times a month.