ਤਾਜਾ ਖਬਰਾਂ
ਸੂਬੇ 'ਚੋਂ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਤਹਿਤ ਸਰਕਾਰ ਵੱਲੋਂ 12 ਜ਼ਿਲ੍ਹਿਆਂ ਦੇ 21,850 ਤੋਂ ਵੱਧ ਅਧਿਆਪਕਾਂ ਲਈ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਪਹਿਲਕਦਮੀ ਦੀ ਸ਼ੁਰੂਆਤ ਫਾਜ਼ਿਲਕਾ ਅਤੇ ਤਰਨਤਾਰਨ ਤੋਂ ਕੀਤੀ ਗਈ ਹੈ, ਜਿੱਥੇ 800 ਤੋਂ ਵੱਧ ਅਧਿਆਪਕਾਂ ਨੇ ਵਰਕਸ਼ਾਪਾਂ ਵਿੱਚ ਹਿੱਸਾ ਲੈ ਕੇ ਵਿਦਿਆਰਥੀਆਂ 'ਚ ਮਾਨਸਿਕ ਤਣਾਅ ਅਤੇ ਨਸ਼ਿਆਂ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨ ਦੇ ਹੁਨਰ ਸਿੱਖੇ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਨੁਸਾਰ, ਇਸ ਸਿਖਲਾਈ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਅਜਿਹੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਜ਼ਾ ਦੇਣ ਦੀ ਬਜਾਏ ਹਮਦਰਦੀ ਨਾਲ ਸਮਝ ਸਕਣ ਅਤੇ ਲੋੜ ਪੈਣ 'ਤੇ ਸਮੇਂ ਸਿਰ ਮਦਦ ਪਹੁੰਚਾ ਸਕਣ। ਅੰਮ੍ਰਿਤਸਰ ਵਿੱਚ ਕੀਤੇ ਪਾਇਲਟ ਪ੍ਰੋਜੈਕਟ ਅਤੇ ਸਰਹੱਦੀ ਖੇਤਰਾਂ 'ਚ ਮਿਲੇ ਸਕਰਾਤਮਕ ਨਤੀਜਿਆਂ ਤੋਂ ਬਾਅਦ ਹੁਣ ਇਸ ਮਾਡਿਊਲ ਨੂੰ ਫਾਜ਼ਿਲਕਾ, ਤਰਨਤਾਰਨ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੁਹਾਲੀ, ਰੋਪੜ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਵਿਸਥਾਰ ਦਿੱਤਾ ਜਾ ਰਿਹਾ ਹੈ।
ਇਹ ਬਹੁ-ਵਿਭਾਗੀ ਯੋਜਨਾ ਐੱਸ.ਸੀ.ਈ.ਆਰ.ਟੀ. (SCERT), ਸਮਾਜਿਕ ਸੁਰੱਖਿਆ ਵਿਭਾਗ, ਅਤੇ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ (DITSU) ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। 12 ਜ਼ਿਲ੍ਹਿਆਂ 'ਚ 500 ਤੋਂ ਵੱਧ ਬੈਚਾਂ ਰਾਹੀਂ ਦਿੱਤੀ ਜਾਣ ਵਾਲੀ ਇਸ ਸਿਖਲਾਈ ਤੋਂ ਬਾਅਦ ਹਰ ਅਧਿਆਪਕ ਵਿਦਿਆਰਥੀਆਂ ਦੀ ਸੁਰੱਖਿਆ ਲਈ ਇੱਕ 'ਸਰਪ੍ਰਸਤ' ਵਜੋਂ ਜ਼ਿੰਮੇਵਾਰੀ ਸੰਭਾਲੇਗਾ, ਤਾਂ ਜੋ ਸੂਬੇ ਦਾ ਕੋਈ ਵੀ ਬੱਚਾ ਨਸ਼ਿਆਂ ਦੀ ਦਲਦਲ ਵਿੱਚ ਨਾ ਫਸੇ।
Get all latest content delivered to your email a few times a month.