ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਿੱਖ ਕੌਮ ਨਾਲ ਜੁੜੇ ਕਈ ਗੰਭੀਰ ਅਤੇ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕੌਮੀ ਏਕਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਸਮਾਜ ਵਿੱਚ ਇਤਫ਼ਾਕ ਅਤੇ ਆਪਸੀ ਏਕਤਾ ਦਾ ਹੋਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਹਰ ਸਿੱਖ ਰੋਜ਼ਾਨਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ।
ਜਥੇਦਾਰ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਤੋਂ ਮਨੁੱਖੀ ਆਧਾਰ 'ਤੇ ਤੁਰੰਤ ਰਿਹਾਈ ਦੀ ਮੰਗ ਕੀਤੀ:
ਭਾਈ ਬਲਵੰਤ ਸਿੰਘ ਰਾਜੋਆਣਾ: ਉਨ੍ਹਾਂ ਕਿਹਾ ਕਿ ਸਾਲ 2019 'ਚ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਗੱਲ ਕਹੀ ਗਈ ਸੀ, ਪਰ ਇਹ ਮਾਮਲਾ ਅਜੇ ਤੱਕ ਲਟਕ ਰਿਹਾ ਹੈ, ਜਿਸ 'ਤੇ ਸਰਕਾਰ ਨੂੰ ਤੁਰੰਤ ਫ਼ੈਸਲਾ ਲੈਣਾ ਚਾਹੀਦਾ ਹੈ।
ਭਾਈ ਜਗਤਾਰ ਸਿੰਘ ਹਵਾਰਾ: ਉਨ੍ਹਾਂ ਦੀ ਮਾਤਾ ਜੀ ਨਾਲ ਮੁਲਾਕਾਤ ਦਾ ਹਵਾਲਾ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਪੁੱਤ ਨੂੰ ਮਾਂ ਨਾਲ ਮਿਲਣ ਲਈ ਪੈਰੋਲ ਮਿਲਣੀ ਚਾਹੀਦੀ ਹੈ, ਜੋ ਕਿ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ।
ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ। ਐੱਸ.ਜੀ.ਪੀ.ਸੀ. ਨੇ ਆਪਣੇ ਖ਼ੁਦ ਦੇ ਚੈਨਲ ਲਈ ਕੇਂਦਰ ਸਰਕਾਰ ਕੋਲ ਅਰਜ਼ੀ ਦਿੱਤੀ ਹੋਈ ਹੈ, ਜਿਸ ਨੂੰ ਬਿਨਾਂ ਦੇਰੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਬਾਣੀ ਸਭ ਲਈ ਸਾਂਝੀ ਹੈ, ਪਰ ਇਸ ਦੀ ਮਰਯਾਦਾ ਦਾ ਸਤਿਕਾਰ ਸਭ ਤੋਂ ਉੱਪਰ ਹੈ।
ਵਿਦੇਸ਼ਾਂ 'ਚ ਗੁਰਦੁਆਰਾ ਸਾਹਿਬ ਅਤੇ ਪਾਵਨ ਸਰੂਪਾਂ ਦੀ ਸੰਭਾਲ ਲਈ ਨਵੇਂ ਨਿਯਮ
ਗੁਰਦੁਆਰਾ ਸਾਹਿਬਾਨ ਦੀ ਉਸਾਰੀ: ਵਿਦੇਸ਼ਾਂ ਵਿੱਚ ਨਵੇਂ ਗੁਰਦੁਆਰਾ ਸਾਹਿਬ ਬਣਾਉਣ 'ਤੇ ਕੋਈ ਰੋਕ ਨਹੀਂ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲੈਣਾ ਅਤੇ ਮਰਯਾਦਾ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।
ਪਾਵਨ ਸਰੂਪਾਂ ਦੀ ਰਵਾਨਗੀ: ਕੰਟੇਨਰਾਂ ਰਾਹੀਂ ਪਾਵਨ ਸਰੂਪ ਲਿਜਾਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਣਗੇ, ਉੱਥੇ ਪੰਜ ਸਿੰਘਾਂ ਦੀ ਹਾਜ਼ਰੀ ਲਾਜ਼ਮੀ ਬਣਾਈ ਜਾਵੇਗੀ।
Get all latest content delivered to your email a few times a month.