ਤਾਜਾ ਖਬਰਾਂ
ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਰਿਖਟਰ ਪੈਮਾਨੇ 'ਤੇ 7.4 ਤੀਬਰਤਾ ਵਾਲੇ ਇਸ ਭੂਚਾਲ ਕਾਰਨ ਹੁਣ ਤੱਕ 132 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 570 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਰਾਜਧਾਨੀ ਬੋਗੋਟਾ ਸਮੇਤ ਗੁਆਂਢੀ ਦੇਸ਼ਾਂ ਵੈਨੇਜ਼ੁਏਲਾ ਅਤੇ ਇਕਵਾਡੋਰ ਵਿੱਚ ਵੀ ਲੋਕ ਦਹਿਸ਼ਤ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ।
ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ (EMSC) ਅਨੁਸਾਰ, ਭੂਚਾਲ ਦਾ ਕੇਂਦਰ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵੱਲ ਸੈਨ ਜੋਸੇ ਡੇਲ ਪਾਲਮਰ ਦੇ ਨੇੜੇ 115 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਹਾਲਾਂਕਿ, ਕੋਲੰਬੀਅਨ ਭੂ-ਵਿਗਿਆਨਕ ਸੇਵਾ ਨੇ ਸ਼ੁਰੂਆਤੀ ਤੀਬਰਤਾ 6.7 ਦੱਸੀ ਸੀ, ਜਦਕਿ ਦੇਸ਼ ਦੀ ਆਫ਼ਤ ਪ੍ਰਬੰਧਨ ਇਕਾਈ ਨੇ ਇਸ ਨੂੰ 7.4 ਮੰਨਿਆ ਹੈ।
ਚੋਕੋ ਦੀ ਗਵਰਨਰ ਨੂਬੀਆ ਕੈਰੋਲੀਨਾ ਕੋਰਡੋਬਾ-ਕਿਊਰੀ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਕਿਊਬਡੋ ਵਿੱਚ ਵੱਡੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬੇ ਹੇਠਾਂ ਹੋਰ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ।
ਟੈਕਟੋਨਿਕ ਪਲੇਟਾਂ ਦੇ ਆਪਸੀ ਰਗੜ ਅਤੇ ਪ੍ਰਮੁੱਖ ਫਾਲਟ ਲਾਈਨਾਂ 'ਤੇ ਸਥਿਤ ਹੋਣ ਕਰਕੇ ਕੋਲੰਬੀਆ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਹ ਖੇਤਰ ਹੁਣ ਤੱਕ 100 ਤੋਂ ਵੱਧ ਵਿਨਾਸ਼ਕਾਰੀ ਭੂਚਾਲਾਂ ਦਾ ਸਾਹਮਣਾ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਸਾਲ 1979 ਵਿੱਚ ਟੁਮਾਕੋ ਨੇੜੇ ਆਏ 8.0 ਤੀਬਰਤਾ ਦੇ ਭੂਚਾਲ ਨੇ ਸਭ ਤੋਂ ਵੱਧ ਤਬਾਹੀ ਮਚਾਈ ਸੀ।
Get all latest content delivered to your email a few times a month.