IMG-LOGO
ਹੋਮ ਪੰਜਾਬ: ਤਰਨਤਾਰਨ ਥਾਣੇ ’ਚ 20 ਸਾਲਾ ਕੁੜੀ ਦੀ ਮੌਤ, ਪਰਿਵਾਰ ਨੇ...

ਤਰਨਤਾਰਨ ਥਾਣੇ ’ਚ 20 ਸਾਲਾ ਕੁੜੀ ਦੀ ਮੌਤ, ਪਰਿਵਾਰ ਨੇ ਪੁਲਿਸ ਹਿਰਾਸਤ ’ਚ ਟਾਰਚਰ ਦੇ ਲਾਏ ਗੰਭੀਰ ਇਲਜ਼ਾਮ

Admin User - Aug 10, 2026 01:21 PM
IMG

ਤਰਨਤਾਰਨ ਦੇ ਭਿੱਖੀਵਿੰਡ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਰਾਜਬੀਰ ਕੌਰ ਨੇ ਥਾਣੇ ਦੇ ਬਾਥਰੂਮ ਵਿੱਚ ਆਪਣੀ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਹਾਲਾਂਕਿ, ਪਰਿਵਾਰ ਨੇ ਪੁਲਿਸ ਦੇ ਇਸ ਦਾਅਵੇ ’ਤੇ ਸਵਾਲ ਖੜ੍ਹੇ ਕਰਦਿਆਂ ਹਿਰਾਸਤ ਦੌਰਾਨ ਟਾਰਚਰ ਕਰਨ ਅਤੇ ਉਸ ਨੂੰ ਕਤਲ ਦੇ ਮਾਮਲੇ ਵਿੱਚ ਗਲਤ ਤਰੀਕੇ ਨਾਲ ਫਸਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਜਾਣਕਾਰੀ ਅਨੁਸਾਰ ਕਲਸੀਆ ਕਲਾਂ ਪਿੰਡ ਵਿੱਚ ਹੋਏ ਇੱਕ ਕਤਲ ਦੇ ਮਾਮਲੇ ਨੂੰ ਲੈ ਕੇ ਰੂਪ ਸਿੰਘ, ਉਸ ਦੇ ਤਿੰਨ ਪੁੱਤਰਾਂ ਅਤੇ ਧੀ ਰਾਜਬੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਰਾਜਬੀਰ ਕੌਰ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਭਿੱਖੀਵਿੰਡ ਥਾਣੇ ਵਿੱਚ ਰੱਖਿਆ ਗਿਆ ਸੀ।

ਐਸਐਚਓ ਹਰਪ੍ਰੀਤ ਸਿੰਘ ਵਿਰਕ ਦੇ ਮੁਤਾਬਕ 9 ਅਗਸਤ ਨੂੰ ਰਾਜਬੀਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਸਵੇਰੇ ਕਰੀਬ 9 ਵਜੇ ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ। ਪੁਲਿਸ ਅਨੁਸਾਰ ਲੇਡੀ ਕਾਂਸਟੇਬਲ ਅਰਸ਼ਦੀਪ ਕੌਰ ਉਸ ਨੂੰ ਬਾਥਰੂਮ ਲੈ ਕੇ ਗਈ। ਇਸ ਦੌਰਾਨ ਰਾਜਬੀਰ ਕੌਰ ਨੇ ਚੁੰਨੀ ਦੀ ਮਦਦ ਨਾਲ ਫਾਹਾ ਲੈ ਲਿਆ।

ਪੁਲਿਸ ਦਾ ਕਹਿਣਾ ਹੈ ਕਿ ਭਿੱਖੀਵਿੰਡ ਥਾਣੇ ਵਿੱਚ ਮਹਿਲਾ ਹਵਾਲਾਤ ਨਾ ਹੋਣ ਕਾਰਨ ਰਾਜਬੀਰ ਕੌਰ ਨੂੰ ਥਾਣੇ ਦੇ ਇੱਕ ਬਾਹਰੀ ਕਮਰੇ ਵਿੱਚ ਲੇਡੀ ਕਾਂਸਟੇਬਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਪੁਲਿਸ ਮੁਤਾਬਕ ਥਾਣੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ 24 ਘੰਟੇ ਰਿਕਾਰਡਿੰਗ ਹੁੰਦੀ ਹੈ, ਜਿਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਰਾਜਬੀਰ ਕੌਰ ਦੀ ਮਾਂ ਰਾਜ ਕੌਰ ਅਤੇ ਉਸ ਦੇ ਭਰਾਵਾਂ ਨੇ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਰਾਜਬੀਰ ਕੌਰ ਨੂੰ ਕਤਲ ਦੇ ਮਾਮਲੇ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਹਿਰਾਸਤ ਦੌਰਾਨ ਉਸ ਨਾਲ ਕਥਿਤ ਤੌਰ ’ਤੇ ਟਾਰਚਰ ਕੀਤਾ ਗਿਆ।

ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਆਪਣੀ ਕਥਿਤ ਲਾਪਰਵਾਹੀ ਨੂੰ ਛੁਪਾਉਣ ਲਈ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇ ਰਹੀ ਹੈ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਐਸਐਚਓ ਹਰਪ੍ਰੀਤ ਸਿੰਘ ਵਿਰਕ ਨੇ ਪਰਿਵਾਰ ਵੱਲੋਂ ਲਗਾਏ ਟਾਰਚਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪੁਲਿਸ ਅਧਿਕਾਰੀ ਮੁਤਾਬਕ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਅਤੇ ਰਾਜਬੀਰ ਕੌਰ ਦੀ ਵੀ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਜਾ ਰਹੀ ਸੀ।

ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਜੇਕਰ ਕਿਸੇ ਪੁਲਿਸ ਕਰਮਚਾਰੀ ਦੀ ਲਾਪਰਵਾਹੀ ਜਾਂ ਕਾਨੂੰਨੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਮਾਮਲੇ ਵਿੱਚ ਪੁਲਿਸ ਦੇ ਦਾਅਵੇ ਅਤੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਵਿਚਕਾਰ ਸੱਚਾਈ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਸੀਸੀਟੀਵੀ ਰਿਕਾਰਡਿੰਗ ਅਤੇ ਹੋਰ ਜਾਂਚ ਰਿਪੋਰਟਾਂ ਇਸ ਮਾਮਲੇ ਵਿੱਚ ਅਹਿਮ ਸਬੂਤ ਮੰਨੀਆਂ ਜਾ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.