ਤਾਜਾ ਖਬਰਾਂ
ਪੱਛਮੀ ਬੰਗਾਲ ਦੇ ਹਾਲੀਸਹਿਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੂੰ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਮਮਤਾ ਬੈਨਰਜੀ ਇੱਥੇ ਕਥਿਤ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਇੱਕ TMC ਵਰਕਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮਮਤਾ ਬੈਨਰਜੀ ਦੇ ਦੋਸ਼ ਮੁਤਾਬਕ, ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੀ ਕਾਰ ’ਤੇ ਪੱਥਰ, ਇੱਟਾਂ, ਜੁੱਤੀਆਂ ਅਤੇ ਚੱਪਲਾਂ ਸੁੱਟੀਆਂ ਗਈਆਂ। ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਅਪਸ਼ਬਦ ਵੀ ਬੋਲੇ ਗਏ ਅਤੇ ‘ਚੋਰ-ਚੋਰ’ ਦੇ ਨਾਅਰੇ ਲਗਾਏ ਗਏ। ਵਿਰੋਧ ਕਾਰਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਘਟਨਾ ਤੋਂ ਬਾਅਦ ਮਮਤਾ ਬੈਨਰਜੀ ਨੇ ਇਸ ਹਮਲੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਥਾਨਕ ਪਿੰਡ ਵਾਸੀਆਂ ਦਾ ਵਿਰੋਧ ਨਹੀਂ ਸੀ, ਸਗੋਂ ਭਾਜਪਾ ਵੱਲੋਂ ਬਾਹਰੋਂ ਲਿਆਂਦੇ ਗਏ ਲੋਕਾਂ ਨੇ ਹੰਗਾਮਾ ਕੀਤਾ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਕਾਰ ’ਤੇ ਪੁਲਿਸ ਦੀ ਮੌਜੂਦਗੀ ਵਿੱਚ ਵੀ ਪੱਥਰ ਸੁੱਟੇ ਗਏ, ਜਿਸ ਦੀ ਉਹ ਸਖ਼ਤ ਨਿੰਦਾ ਕਰਦੀ ਹੈ।
ਮਮਤਾ ਬੈਨਰਜੀ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਹਿਰਾਸਤ ਵਿੱਚ TMC ਵਰਕਰ ਦੀ ਮੌਤ ਤੋਂ ਬਾਅਦ ਹੁਣ ਉਸਦੇ ਪਰਿਵਾਰ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਨਾਲ ਮਿਲਣ ਦਾ ਵਾਅਦਾ ਕਰ ਚੁੱਕੀ ਸੀ ਅਤੇ ਇਸੇ ਲਈ ਵਿਰੋਧ ਦੇ ਬਾਵਜੂਦ ਉੱਥੇ ਪਹੁੰਚੀ।
ਸਾਬਕਾ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਵੀ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਗੁੰਡਿਆਂ ’ਤੇ ਨਿਰਭਰ ਹੋ ਰਹੀ ਹੈ ਅਤੇ ਸੂਬੇ ਵਿੱਚ ਹਿਰਾਸਤੀ ਮੌਤਾਂ ਵਰਗੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।
ਮਮਤਾ ਨੇ ਕਿਹਾ ਕਿ ਬੰਗਾਲ ਵਿੱਚ ਹਾਲਾਤ ਵਿਗੜ ਰਹੇ ਹਨ ਅਤੇ ਪੁਲਿਸ ’ਤੇ ਸਿਆਸੀ ਦਬਾਅ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਵੱਲੋਂ ਮਮਤਾ ਦੇ ਦੌਰੇ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਗਿਆ ਕਿ ਉਹ ਇਲਾਕੇ ਵਿੱਚ ਸ਼ਾਂਤੀ ਭੰਗ ਕਰਨ ਲਈ ਆਈ ਸੀ।
ਘਟਨਾ ਨੇ ਪੱਛਮੀ ਬੰਗਾਲ ਵਿੱਚ TMC ਅਤੇ BJP ਵਿਚਾਲੇ ਚੱਲ ਰਹੇ ਸਿਆਸੀ ਟਕਰਾਅ ਨੂੰ ਇੱਕ ਵਾਰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ।
Get all latest content delivered to your email a few times a month.