IMG-LOGO
ਹੋਮ ਪੰਜਾਬ, ਰਾਸ਼ਟਰੀ, ਮਲੇਸ਼ੀਆ ਦੇ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ...

ਮਲੇਸ਼ੀਆ ਦੇ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ, ਸਿੱਖ ਵਿਰਾਸਤ ਦੀ ਸੰਭਾਲ ’ਤੇ ਹੋਈ...

Admin User - Aug 09, 2026 08:18 PM
IMG

ਮਲੇਸ਼ੀਆ ਦੇ ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ-II ਵਾਈ.ਬੀ. ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਲੇਸ਼ੀਆ ਅਤੇ ਪੰਜਾਬ ਵਿਚਕਾਰ ਸਿੱਖ ਧਰਮ, ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮਲੇਸ਼ੀਆਈ ਵਫ਼ਦ ਵਿੱਚ ਕਾਰੋਬਾਰੀ ਅਤੇ ਭਾਈਚਾਰਕ ਆਗੂ ਦਾਤੋ’ ਪ੍ਰੋ. ਡਾ. ਬੀ.ਐੱਸ. ਬੈਂਸ, ਇਤਿਹਾਸਕਾਰ ਸਿਮਰ ਸਿੰਘ, ਮੀਰਪੁਰ ਰਿਆਸਤ ਦੇ ਪਰਿਵਾਰ ਨਾਲ ਸਬੰਧਤ ਅਕਸ਼ੈ ਸਿੰਘ ਦਿਓ, ਆਰੀਅਨ ਮੈਨਨ, ਡਾ. ਸੁਖਜੋਤ ਸਿੰਘ ਅਤੇ ਸਨੀ ਖਹਿਰਾ ਵੀ ਸ਼ਾਮਲ ਸਨ।

ਮੁਲਾਕਾਤ ਦੌਰਾਨ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਆਪਣੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨ, ਸਿੱਖ ਸੰਸਥਾਵਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਮਲੇਸ਼ੀਆ ਦੇ ਸਿੱਖ ਭਾਈਚਾਰੇ ਤੇ ਪੰਜਾਬ ਦੀਆਂ ਇਤਿਹਾਸਕ ਸਿੱਖ ਸੰਸਥਾਵਾਂ ਵਿਚਕਾਰ ਸੱਭਿਆਚਾਰਕ ਤੇ ਅਧਿਆਤਮਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ।

ਵਾਈ.ਬੀ. ਜਗਦੀਪ ਸਿੰਘ ਦਿਓ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣਾ ਡੂੰਘਾ ਸਤਿਕਾਰ ਪ੍ਰਗਟ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਧਰਮ ਅਤੇ ਸਿੱਖ ਕਦਰਾਂ-ਕੀਮਤਾਂ ਦੇ ਵਿਸ਼ਵ ਪੱਧਰੀ ਪ੍ਰਚਾਰ ਅਤੇ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸ ਰਹੀ ਨੌਜਵਾਨ ਸਿੱਖ ਪੀੜ੍ਹੀ ਨੂੰ ਆਪਣੇ ਧਰਮ, ਇਤਿਹਾਸ ਅਤੇ ਵਿਰਾਸਤ ਨਾਲ ਜੋੜ ਕੇ ਰੱਖਣਾ ਸਮੇਂ ਦੀ ਅਹਿਮ ਲੋੜ ਹੈ।

ਜਗਦੀਪ ਸਿੰਘ ਦਿਓ ਨੇ ਦੱਸਿਆ ਕਿ ਮਲੇਸ਼ੀਆ ਵਿੱਚ ਸਿੱਖਾਂ ਦੀ ਆਮਦ ਦਾ ਇਤਿਹਾਸ ਪੇਨਾਂਗ ਨਾਲ ਡੂੰਘਾ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸਭ ਤੋਂ ਪਹਿਲਾਂ ਪੇਨਾਂਗ ਸੂਬੇ ਵਿੱਚ ਪਹੁੰਚੇ ਸਨ ਅਤੇ ਜਿਸ ਰਸਤੇ ਰਾਹੀਂ ਉਸ ਸਮੇਂ ਸਿੱਖ ਉੱਥੇ ਜਾਂਦੇ ਸਨ, ਉਸ ਇਤਿਹਾਸਕ ਲਾਂਘੇ ਨੂੰ ਭਵਿੱਖ ਵਿੱਚ ਵਿਰਾਸਤੀ ਸਥਾਨ ਵਜੋਂ ਸੰਭਾਲਣ ਦੀ ਇੱਛਾ ਹੈ।

ਮਲੇਸ਼ੀਆਈ ਵਫ਼ਦ ਵੱਲੋਂ ਪੇਨਾਂਗ ਦੇ ਜਾਰਜ ਟਾਊਨ ਵਿਖੇ ਜਾਲਾਨ ਸਥਿਤ ਇਤਿਹਾਸਕ ਵੱਡਾ ਗੁਰਦੁਆਰਾ ਸਾਹਿਬ ਦੀ ਸੰਭਾਲ ਅਤੇ ਪੁਨਰ-ਸੰਭਾਲ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇੱਕ ਸਦੀ ਤੋਂ ਵੱਧ ਪੁਰਾਣਾ ਇਹ ਗੁਰਦੁਆਰਾ ਸਾਹਿਬ ਦੱਖਣ-ਪੂਰਬੀ ਏਸ਼ੀਆ ਦੇ ਪੁਰਾਤਨ ਸਿੱਖ ਧਾਰਮਿਕ ਅਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਗੁਰਦੁਆਰਾ ਸਾਹਿਬ ਦੀ ਮੂਲ ਇਮਾਰਤੀ ਸ਼ੈਲੀ, ਇਤਿਹਾਸਕ ਮਹੱਤਤਾ ਅਤੇ ਧਾਰਮਿਕ ਸਰੂਪ ਨੂੰ ਸੁਰੱਖਿਅਤ ਰੱਖਣ ਲਈ ਵੱਡੇ ਪੱਧਰ ’ਤੇ ਪੁਨਰ-ਸੰਭਾਲ ਕਾਰਜ ਚੱਲ ਰਹੇ ਹਨ। ਜਗਦੀਪ ਸਿੰਘ ਦਿਓ ਇਸ ਪ੍ਰਾਜੈਕਟ ਨਾਲ ਨੇੜਿਓਂ ਜੁੜੇ ਹੋਏ ਹਨ ਅਤੇ ਇਸ ਵਿੱਚ ਸਰਕਾਰੀ ਸਹਾਇਤਾ ਤੇ ਕੰਮ ਦੀ ਨਿਗਰਾਨੀ ਵੀ ਸ਼ਾਮਲ ਹੈ।

ਇਸ ਮੌਕੇ ਜਗਦੀਪ ਸਿੰਘ ਦਿਓ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੱਡਾ ਗੁਰਦੁਆਰਾ ਸਾਹਿਬ ਦੀ ਮੁਰੰਮਤ ਅਤੇ ਸੰਭਾਲ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਤੰਬਰ ਮਹੀਨੇ ਹੋਣ ਵਾਲੇ ਪ੍ਰਸਤਾਵਿਤ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਸੱਦਾ ਸਿਰਫ਼ ਇੱਕ ਧਾਰਮਿਕ ਸਮਾਗਮ ਲਈ ਨਹੀਂ, ਸਗੋਂ ਮਲੇਸ਼ੀਆ ਦੇ ਸਿੱਖ ਭਾਈਚਾਰੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਦੀਆਂ ਸਿੱਖ ਸੰਸਥਾਵਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਸਮਾਗਮ ਮਲੇਸ਼ੀਆ ਅਤੇ ਪੰਜਾਬ ਦੇ ਸਿੱਖ ਭਾਈਚਾਰਿਆਂ ਵਿਚਕਾਰ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗਾ।

ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਲੇਸ਼ੀਆਈ ਵਫ਼ਦ ਵੱਲੋਂ ਸਿੱਖ ਵਿਰਾਸਤ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਪਰੰਪਰਾਵਾਂ ਅਤੇ ਸਿੱਖ ਕਦਰਾਂ-ਕੀਮਤਾਂ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਜਗਦੀਪ ਸਿੰਘ ਦਿਓ ਨੂੰ ਕਿਹਾ ਕਿ ਭਾਵੇਂ ਉਹ ਮਲੇਸ਼ੀਆ ਵਿੱਚ ਰਹਿ ਰਹੇ ਹਨ, ਪਰ ਉਨ੍ਹਾਂ ਦੀਆਂ ਜੜ੍ਹਾਂ ਸ੍ਰੀ ਅਨੰਦਪੁਰ ਸਾਹਿਬ ਨਾਲ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਮੂਲ ਪੰਜਾਬ ਨਾਲ ਆਪਣਾ ਰਿਸ਼ਤਾ ਹਮੇਸ਼ਾ ਇਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਹੈ।

ਅੰਤ ਵਿੱਚ ਦੋਵਾਂ ਪਾਸਿਆਂ ਵੱਲੋਂ ਸਿੱਖ-ਮਲੇਸ਼ੀਆਈ ਧਾਰਮਿਕ, ਸੱਭਿਆਚਾਰਕ ਅਤੇ ਵਿਰਾਸਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ਵ ਭਰ ਵਿੱਚ ਸਿੱਖ ਧਰਮ ਦੇ ਸਰਬੱਤ ਦੇ ਭਲੇ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਮਿਲ ਕੇ ਯਤਨ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟ ਕੀਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.