IMG-LOGO
ਹੋਮ ਪੰਜਾਬ: ਰਾਏਕੋਟ ’ਚ ਖੇਤਾਂ ’ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ...

ਰਾਏਕੋਟ ’ਚ ਖੇਤਾਂ ’ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਪਿੱਠ ’ਚ ਚਾਕੂ ਮਾਰ ਕੇ ਹਮਲਾਵਰ ਫ਼ਰਾਰ

Admin User - Aug 09, 2026 04:18 PM
IMG

ਰਾਏਕੋਟ ਦੇ ਪਿੰਡ ਕਿਸ਼ਨਗੜ੍ਹ ਛੰਨਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ ਕਰੀਬ 25-26 ਸਾਲਾ ਪ੍ਰਵਾਸੀ ਮਜ਼ਦੂਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਿੱਠ ਵਿੱਚ ਚਾਕੂ ਵੱਜਿਆ ਹੋਇਆ ਸੀ ਅਤੇ ਹਮਲਾਵਰ ਉਸਨੂੰ ਉੱਥੇ ਹੀ ਛੱਡ ਗਏ।

ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ ਪੁੱਤਰ ਦੀਪ ਨਰਾਇਣ ਰਿਸੀਦੇਵ ਵਾਸੀ ਹਨੂੰਮਾਨਗੜੀ, ਪਰਸ਼ਾਗੜੀ ਸਿਪਲ, ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪ੍ਰਕਾਸ਼ ਕੁਮਾਰ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਪਿੰਡ ਲੱਖਾ ਸਿੰਘ ਵਾਲਾ ਦੇ ਕਿਸਾਨ ਸੁਖਜੀਵਨ ਸਿੰਘ ਕੋਲ ਸੀਰੀ ਵਜੋਂ ਕੰਮ ਕਰ ਰਿਹਾ ਸੀ। ਝੋਨੇ ਦੇ ਸੀਜ਼ਨ ਦੌਰਾਨ ਉਹ ਕਿਸਾਨ ਸੁਖਜੀਵਨ ਸਿੰਘ ਵੱਲੋਂ ਠੇਕੇ ’ਤੇ ਲਈ ਗਈ ਪਿੰਡ ਕਿਸ਼ਨਗੜ੍ਹ ਛੰਨਾ ਦੀ ਜ਼ਮੀਨ ਵਿੱਚ ਬੀਜੀ ਝੋਨੇ ਦੀ ਫ਼ਸਲ ਦੀ ਦੇਖਭਾਲ ਕਰਦਾ ਸੀ।

ਕਿਸਾਨ ਸੁਖਜੀਵਨ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਕੁਮਾਰ ਸੁਭਾਅ ਤੋਂ ਕਾਫ਼ੀ ਸਾਊ ਅਤੇ ਮਿਲਣਸਾਰ ਸੀ। ਘਟਨਾ ਵਾਲੇ ਦਿਨ ਦੁਪਹਿਰ ਸਮੇਂ ਉਸ ਨੇ ਪ੍ਰਕਾਸ਼ ਨੂੰ ਫੋਨ ਕਰਕੇ ਘਰ ਰੋਟੀ ਖਾਣ ਲਈ ਬੁਲਾਇਆ ਸੀ। ਜਦੋਂ ਕਰੀਬ ਦੋ ਤੋਂ ਢਾਈ ਘੰਟੇ ਬੀਤ ਜਾਣ ਦੇ ਬਾਵਜੂਦ ਉਹ ਘਰ ਨਹੀਂ ਪਹੁੰਚਿਆ ਤਾਂ ਸੁਖਜੀਵਨ ਸਿੰਘ ਖੁਦ ਉਸ ਨੂੰ ਦੇਖਣ ਲਈ ਖੇਤਾਂ ਵਿੱਚ ਚਲਾ ਗਿਆ।

ਖੇਤ ਵਿੱਚ ਪਹੁੰਚਣ ’ਤੇ ਜੋ ਮੰਜ਼ਰ ਸਾਹਮਣੇ ਆਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪ੍ਰਕਾਸ਼ ਕੁਮਾਰ ਖੇਤ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ ਅਤੇ ਉਸਦੀ ਪਿੱਠ ਵਿੱਚ ਚਾਕੂ ਵੱਜਿਆ ਹੋਇਆ ਸੀ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ।

ਸੂਚਨਾ ਮਿਲਦੇ ਹੀ ਡੀਐਸਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਅਤੇ ਥਾਣਾ ਸਦਰ ਰਾਏਕੋਟ ਦੇ ਐਸਐਚਓ ਹੀਰਾ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਥਾਣਾ ਸਦਰ ਰਾਏਕੋਟ ਦੇ ਐਸਐਚਓ ਹੀਰਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਵਾਰਦਾਤ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉੱਧਰ, ਮ੍ਰਿਤਕ ਦੇ ਪਿਤਾ ਦੀਪ ਨਰਾਇਣ ਰਿਸੀਦੇਵ ਨੇ ਦੱਸਿਆ ਕਿ ਪ੍ਰਕਾਸ਼ ਕੁਮਾਰ ਉਸਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਦਾ ਕਰੀਬ ਛੇ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਹਨ। ਪੁੱਤਰ ਦੀ ਅਚਾਨਕ ਅਤੇ ਦਰਦਨਾਕ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਕਾਸ਼ ਕੁਮਾਰ ਦੀ ਹੱਤਿਆ ਪਿੱਛੇ ਕੀ ਕਾਰਨ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੌਣ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.