IMG-LOGO
ਹੋਮ ਪੰਜਾਬ: ਫਿਰੋਜ਼ਪੁਰ ’ਚ ਨੂੰਹ ’ਤੇ ਜਾਨਲੇਵਾ ਹਮਲਾ, ਬਚਾਉਣ ਆਏ ਭਰਾਵਾਂ ਨਾਲ...

ਫਿਰੋਜ਼ਪੁਰ ’ਚ ਨੂੰਹ ’ਤੇ ਜਾਨਲੇਵਾ ਹਮਲਾ, ਬਚਾਉਣ ਆਏ ਭਰਾਵਾਂ ਨਾਲ ਵੀ ਕੁੱਟਮਾਰ; ਕ੍ਰੇਟਾ ਗੱਡੀ ਨੂੰ ਲਗਾਈ ਅੱਗ

Admin User - Aug 09, 2026 04:49 PM
IMG

ਗੁਰੂ ਹਰਸਹਾਏ ਦੇ ਪਿੰਡ ਗੁੱਦੜ ਪੰਜ ਗਰਾਈਂ ਵਿੱਚ ਘਰੇਲੂ ਵਿਵਾਦ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ, ਜਦੋਂ ਇੱਕ ਵਿਆਹੁਤਾ ਮਹਿਲਾ ਨਾਲ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਇਲਜ਼ਾਮ ਹੈ ਕਿ ਮਹਿਲਾ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ। ਜਦੋਂ ਉਸ ਦੇ ਭਰਾ ਆਪਣੀ ਭੈਣ ਨੂੰ ਬਚਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਕ੍ਰੇਟਾ ਗੱਡੀ ਦੀ ਭੰਨਤੋੜ ਕਰਨ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ ਗਈ।

ਜਾਣਕਾਰੀ ਮੁਤਾਬਕ ਪ੍ਰਵੀਨ ਰਾਣੀ ਦਾ ਕਰੀਬ ਚਾਰ ਸਾਲ ਪਹਿਲਾਂ ਪਿੰਡ ਗੁੱਦੜ ਪੰਜ ਗਰਾਈਂ ਦੇ ਲਖਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਪੀੜਤਾ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਉਸ ਦਾ ਸਹੁਰੇ ਪਰਿਵਾਰ ਨਾਲ ਘਰੇਲੂ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਗਈ। ਮਾਮਲੇ ਨੂੰ ਸੁਲਝਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ ਵੀ ਕਈ ਵਾਰ ਦਖ਼ਲ ਦਿੱਤਾ ਗਿਆ, ਪਰ ਕੁਝ ਸਮੇਂ ਬਾਅਦ ਹਾਲਾਤ ਮੁੜ ਖਰਾਬ ਹੋ ਜਾਂਦੇ ਸਨ।

ਪੀੜਤਾ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਵੀ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ, ਜਦਕਿ ਉਸ ਦਾ ਬੱਚਾ ਸਹੁਰੇ ਪਰਿਵਾਰ ਨੇ ਆਪਣੇ ਕੋਲ ਰੱਖ ਲਿਆ। ਇਸ ਤੋਂ ਬਾਅਦ ਪ੍ਰਵੀਨ ਰਾਣੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਅਤੇ ਬੱਚੇ ਨੂੰ ਵਾਪਸ ਦਿਵਾਉਣ ਲਈ ਐਸਡੀਐਮ ਕੋਲ ਵੀ ਪਹੁੰਚ ਕੀਤੀ।

ਐਸਡੀਐਮ ਵੱਲੋਂ ਬੱਚੇ ਨੂੰ ਬਰਾਮਦ ਕਰਕੇ ਮਾਂ ਦੇ ਹਵਾਲੇ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਪੁਲਿਸ ਪ੍ਰਵੀਨ ਰਾਣੀ ਨੂੰ ਨਾਲ ਲੈ ਕੇ ਉਸ ਦੇ ਸਹੁਰੇ ਘਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਲੈ ਕੇ ਵਾਪਸ ਆਉਂਦੇ ਸਮੇਂ ਸਹੁਰੇ ਪਰਿਵਾਰ ਵੱਲੋਂ ਪੁਲਿਸ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਪੁਲਿਸ ਦੀ ਮੌਜੂਦਗੀ ਵਿੱਚ ਬੱਚੇ ਨੂੰ ਉਥੋਂ ਲਿਆਉਣ ਤੋਂ ਬਾਅਦ ਜਦੋਂ ਪ੍ਰਵੀਨ ਰਾਣੀ ਕੁਝ ਸਮੇਂ ਲਈ ਮੌਕੇ ’ਤੇ ਹੀ ਰਹੀ ਤਾਂ ਉਸ ’ਤੇ ਮੁੜ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਣ ’ਤੇ ਪ੍ਰਵੀਨ ਰਾਣੀ ਦੇ ਭਰਾ ਉਸ ਨੂੰ ਬਚਾਉਣ ਲਈ ਪਿੰਡ ਪਹੁੰਚੇ। ਇਲਜ਼ਾਮ ਹੈ ਕਿ ਇਸ ਦੌਰਾਨ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਵੀ ਘੇਰ ਲਿਆ ਅਤੇ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕ੍ਰੇਟਾ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਬਾਅਦ ਵਿੱਚ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਪੀੜਤ ਪਰਿਵਾਰ ਨੇ ਕਿਸੇ ਤਰ੍ਹਾਂ ਮੌਕੇ ਤੋਂ ਨਿਕਲ ਕੇ ਆਪਣੀ ਜਾਨ ਬਚਾਈ।

ਹਮਲੇ ਵਿੱਚ ਜ਼ਖ਼ਮੀ ਹੋਈ ਪ੍ਰਵੀਨ ਰਾਣੀ ਨੂੰ ਪਹਿਲਾਂ ਗੁਰੂ ਹਰਸਹਾਏ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਪ੍ਰਵੀਨ ਰਾਣੀ ਦੇ ਸਹੁਰੇ ਪਰਿਵਾਰ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.