IMG-LOGO
ਹੋਮ ਪੰਜਾਬ: ਜਲੰਧਰ 'ਚ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ...

ਜਲੰਧਰ 'ਚ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ: CM ਮਾਨ ਤੇ ਸੰਤ ਨਿਰੰਜਣ ਦਾਸ ਨੇ ਨੌਗੱਜਾ ਵਿਖੇ ਕੀਤਾ ਸ਼ੁਭਾਰੰਭ; 24.55 ਕਰੋੜ...

Admin User - Aug 09, 2026 02:29 PM
IMG

ਡੇਰਾ ਸੱਚਖੰਡ ਬੱਲਾਂ ਨੇੜਲੇ ਪਿੰਡ ਨੌਗੱਜਾ ਵਿਖੇ ਐਤਵਾਰ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਪਦਮ ਸ਼੍ਰੀ ਸੰਤ ਨਿਰੰਜਣ ਦਾਸ ਜੀ ਨੇ ਸੰਯੁਕਤ ਰੂਪ ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਸੰਤ ਨਿਰੰਜਣ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਇਸ ਇਤਿਹਾਸਕ ਉਪਰਾਲੇ ਲਈ ਵਧਾਈ ਦਿੱਤੀ।


ਲਗਭਗ 24.55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਅਧਿਐਨ ਕੇਂਦਰ ਨੌਜਵਾਨਾਂ ਅਤੇ ਖੋਜਾਰਥੀਆਂ ਲਈ ਗਿਆਨ ਦਾ ਕੇਂਦਰ ਬਣੇਗਾ। ਇੱਥੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਪਾਵਨ ਬਾਣੀ 'ਤੇ ਵਿਸਥਾਰਤ ਅਧਿਐਨ ਤੇ ਰਿਸਰਚ ਕੀਤੀ ਜਾ ਸਕੇਗੀ। ਪ੍ਰੋਜੈਕਟ ਤਹਿਤ ਇੱਥੇ ਇੱਕ ਆਧੁਨਿਕ ਪ੍ਰਬੰਧਕੀ ਬਲਾਕ, ਮੁੰਡਿਆਂ ਅਤੇ ਕੁੜੀਆਂ ਲਈ ਵੱਖ-ਵੱਖ ਹੋਸਟਲ, ਸਟਾਫ਼ ਰਿਹਾਇਸ਼ਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਨਿਰਮਾਣ ਕੀਤਾ ਜਾਵੇਗਾ।


ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬ ਦੀ ਬਾਣੀ ਅਤੇ ਧਰਮ ਦੇ ਅਸਲ ਸੁਨੇਹੇ ਨਾਲ ਜੋੜਨ 'ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ, "ਸਾਡਾ ਮਨੋਰਥ ਪੰਜਾਬ ਨੂੰ ਕਿਸੇ ਵਿਦੇਸ਼ੀ ਸ਼ਹਿਰ ਦੀ ਤਰਜ਼ 'ਚ ਬਦਲਣਾ ਨਹੀਂ, ਸਗੋਂ ਇਸ ਦੀ ਆਪਣੀ ਅਮੀਰ ਵਿਰਾਸਤ ਨੂੰ ਬਹਾਲ ਕਰਨਾ ਹੈ। ਅਸੀਂ ਰੰਗਲਾ ਪੰਜਾਬ ਬਣਾਉਣਾ ਹੈ, ਕੋਈ ਕੈਲੀਫੋਰਨੀਆ, ਲੰਡਨ ਜਾਂ ਪੈਰਿਸ ਨਹੀਂ— ਸਾਨੂੰ ਸਾਡਾ ਅਸਲੀ ਪੰਜਾਬ ਹੀ ਵਾਪਸ ਚਾਹੀਦਾ ਹੈ।"


ਆਪਣੀ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ 'ਚ ਬੱਚੇ ਸਿਰਫ਼ ਦਲੀਆ ਖਾਣ ਜਾਂਦੇ ਸਨ, ਪਰ ਹੁਣ ਉੱਥੇ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਵਿਰੋਧੀ ਧਿਰਾਂ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 'ਤੇ ਸਵਾਲ ਚੁੱਕਣ ਵਾਲੇ ਭੁੱਲ ਜਾਂਦੇ ਹਨ ਕਿ ਸਰਕਾਰੀ ਖ਼ਜ਼ਾਨਾ ਜਨਤਾ ਦਾ ਹੀ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ 'ਤੇਰਾ-ਤੇਰਾ' ਦੇ ਫ਼ਲਸਫ਼ੇ ਦਾ ਜ਼ਿਕਰ ਕਰਦਿਆਂ ਕਿਹਾ, "ਪਿਛਲੀਆਂ ਸਰਕਾਰਾਂ 'ਮੇਰਾ-ਮੇਰਾ' ਕਰਕੇ ਖ਼ਜ਼ਾਨਾ ਲੁੱਟਦੀਆਂ ਰਹੀਆਂ, ਜਦਕਿ ਸਾਡੀ ਸਰਕਾਰ 'ਤੇਰਾ-ਤੇਰਾ' ਕਰਕੇ ਜਨਤਾ ਦਾ ਪੈਸਾ ਜਨਤਾ 'ਤੇ ਹੀ ਲਗਾ ਰਹੀ ਹੈ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.