ਤਾਜਾ ਖਬਰਾਂ
ਨਯਾਗਾਓਂ ਦੀ ਕੁਮਾਊਂ ਕਲੋਨੀ ਵਿਖੇ ਬਿਜਲੀ ਵਿਭਾਗ (PSPCL) ਦੀ ਅਣਗਹਿਲੀ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ। ਸੜਕ ਕਿਨਾਰੇ ਖ਼ਤਰਨਾਕ ਢੰਗ ਨਾਲ ਨੀਵੀਆਂ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ 8 ਸਾਲਾ ਮਾਸੂਮ ਬੱਚੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਮਾਨਸੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਵਿਭਾਗ ਖ਼ਿਲਾਫ਼ ਭਾਰੀ ਰੋਸ ਫੈਲ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ, ਜਦੋਂ ਮਾਨਸੀ ਆਪਣੇ 3 ਹੋਰ ਸਾਥੀ ਬੱਚਿਆਂ ਨਾਲ ਨੇੜਲੀ ਦੁਕਾਨ ਤੋਂ ਸਾਮਾਨ ਲੈ ਕੇ ਘਰ ਪਰਤ ਰਹੀ ਸੀ। ਰਸਤੇ 'ਚ ਹੇਠਾਂ ਲਮਕ ਰਹੀ ਬਿਜਲੀ ਦੀ ਨੰਗੀ ਤਾਰ ਨਾਲ ਛੂਹ ਜਾਣ ਕਾਰਨ ਉਹ ਜ਼ੋਰਦਾਰ ਕਰੰਟ ਦੀ ਲਪੇਟ 'ਚ ਆ ਗਈ। ਹਾਦਸਾ ਦੇਖ ਕੇ ਇੱਕ ਗੁਆਂਢੀ ਨੇ ਮੁਸਤੈਦੀ ਦਿਖਾਉਂਦੇ ਹੋਏ ਡੰਡੇ ਦੀ ਮਦਦ ਨਾਲ ਟਰਾਂਸਫਾਰਮਰ ਦਾ ਸੇਫ਼ਟੀ ਲੀਵਰ ਡੇਗ ਕੇ ਬਿਜਲੀ ਦੀ ਸਪਲਾਈ ਠੱਪ ਕੀਤੀ, ਜਿਸ ਨਾਲ ਨਾਲ ਜਾ ਰਹੇ ਤਿੰਨ ਹੋਰ ਬੱਚੇ ਵਾਲ-ਵਾਲ ਬਚ ਗਏ।
ਸਥਾਨਕ ਨਿਵਾਸੀਆਂ ਅਤੇ ਕੌਂਸਲਰ ਮੱਖਣ ਸਿੰਘ ਨੇ PSPCL ਅਧਿਕਾਰੀਆਂ 'ਤੇ ਸਿੱਧੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਦੱਸਿਆ ਕਿ ਇਲਾਕੇ 'ਚ ਤਾਰਾਂ ਅਤੇ ਖੰਭਿਆਂ ਦੀ ਹਾਲਤ ਬੇਹੱਦ ਖ਼ਰਾਬ ਹੈ। ਬਿਜਲੀ ਦੇ ਕਈ ਖੰਭੇ ਡਿੱਗਣ ਦੀ ਕਗਾਰ 'ਚ ਹਨ। ਉਨ੍ਹਾਂ ਦੱਸਿਆ ਕਿ ਇਸੇ ਥਾਂ 'ਤੇ ਬਿਜਲੀ ਦੀ ਲਾਪਰਵਾਹੀ ਕਾਰਨ ਇਹ 4ਥੀ ਘਟਨਾ ਹੈ ਅਤੇ ਦੋ ਮਹੀਨੇ ਪਹਿਲਾਂ ਵੀ ਇੱਕ ਬੇਸਹਾਰਾ ਪਸ਼ੂ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਕੋਈ ਰਸਮੀ ਕੇਸ ਦਰਜ ਨਹੀਂ ਹੋਇਆ ਸੀ, ਪਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.