ਤਾਜਾ ਖਬਰਾਂ
ਫ਼ੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਵਾਪਰੀ ਖ਼ਤਰਨਾਕ ਘਟਨਾ ਨੇ ਹੁਣ ਇੱਕ ਵੱਡਾ ਸਿਆਸੀ ਤੇ ਪ੍ਰਸ਼ਾਸਨਿਕ ਮੋੜ ਲੈ ਲਿਆ ਹੈ। 4 ਅਗਸਤ ਨੂੰ ਹਵਾ 'ਚ ਅਚਾਨਕ 300 ਫੁੱਟ ਹੇਠਾਂ ਡਿੱਗੇ ਜਹਾਜ਼ ਦੇ ਕੈਪਟਨ ਬਾਰੇ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਡਾਣ ਤੋਂ ਬਾਅਦ ਕਰਵਾਏ ਗਏ ਡੋਪ (ਮਨੋਵਿਗਿਆਨਕ ਪਦਾਰਥਾਂ) ਟੈਸਟ ਵਿੱਚ ਉਸ ਦੀ ਰਿਪੋਰਟ 'ਪਾਜ਼ੀਟਿਵ' ਆਈ ਹੈ। ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਏਅਰਬੱਸ ਜਹਾਜ਼ (ਜਿਸ ਵਿੱਚ 145 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ) ਜਦੋਂ ਓਡੀਸ਼ਾ ਦੇ ਹਵਾਈ ਖੇਤਰ ਤੋਂ ਲੰਘ ਰਿਹਾ ਸੀ, ਤਾਂ ਅਚਾਨਕ ਭਾਰੀ ਗੜਬੜੀ (ਟ੍ਰਬੂਲੈਂਸ) ਦਾ ਸ਼ਿਕਾਰ ਹੋ ਗਿਆ। ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਗੋਤਾ ਖਾ ਗਿਆ, ਜਿਸ ਨਾਲ ਕੈਬਿਨ ਦੇ ਅੰਦਰ ਅਫ਼ਰਾ-ਤਫ਼ਰੀ ਮਚ ਗਈ ਅਤੇ ਕਈ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਜ਼ਖ਼ਮੀ ਹੋ ਗਏ। ਹਾਲਾਂਕਿ, ਪਾਇਲਟਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਜਹਾਜ਼ ਨੂੰ ਸੰਭਾਲਿਆ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡ ਕਰਵਾਇਆ।
ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ, "ਨਿਯਮਾਂ ਅਨੁਸਾਰ ਉਡਾਣ ਤੋਂ ਬਾਅਦ ਪਾਇਲਟਾਂ ਦੀ ਸਕ੍ਰੀਨਿੰਗ ਕੀਤੀ ਗਈ ਸੀ, ਪਰ ਟੈਸਟ ਦੇ ਨਤੀਜੇ ਅਜੇ ਸਾਡੇ ਨਾਲ ਸਾਂਝੇ ਨਹੀਂ ਕੀਤੇ ਗਏ। ਇਸ ਲਈ ਅਸੀਂ ਕਿਸੇ ਵੀ ਸਿੱਟੇ 'ਤੇ ਟਿੱਪਣੀ ਨਹੀਂ ਕਰ ਸਕਦੇ।" ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਏਅਰਲਾਈਨ ਸਿਵਲ ਏਵੀਏਸ਼ਨ ਨਿਯਮਾਂ ਤਹਿਤ ਆਪਣੇ ਚਾਲਕ ਦਲ ਦੀ ਨਿਯਮਿਤ ਡਰੱਗ ਟੈਸਟਿੰਗ ਕਰਦੀ ਹੈ ਅਤੇ ਜਾਂਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
Get all latest content delivered to your email a few times a month.