IMG-LOGO
ਹੋਮ ਪੰਜਾਬ: ਮੀਰੀ-ਪੀਰੀ ਮੈਡੀਕਲ ਇੰਸਟੀਚਿਊਟ ਪਹੁੰਚੇ SGPC ਪ੍ਰਧਾਨ ਧਾਮੀ: ਕਿਹਾ— ਅਦਾਲਤੀ ਫ਼ੈਸਲੇ...

ਮੀਰੀ-ਪੀਰੀ ਮੈਡੀਕਲ ਇੰਸਟੀਚਿਊਟ ਪਹੁੰਚੇ SGPC ਪ੍ਰਧਾਨ ਧਾਮੀ: ਕਿਹਾ— ਅਦਾਲਤੀ ਫ਼ੈਸਲੇ ਤੱਕ ਮੈਡੀਕਲ ਸਹੂਲਤਾਂ ਤੇ ਸਟਾਫ਼ ਦੀਆਂ ਤਨਖ਼ਾਹਾਂ ਰਹਿਣਗੀਆਂ ਜਾਰੀ; ਕਬਜ਼ੇ ਦੀਆਂ ਗੱਲਾਂ ਨੂੰ ਨਕਾਰਿਆ

Admin User - Aug 09, 2026 11:37 AM
IMG

ਸ਼ਾਹਬਾਦ ਮਾਰਕੰਡਾ ਸਥਿਤ ਮੀਰੀ-ਪੀਰੀ ਮੈਡੀਕਲ ਇੰਸਟੀਚਿਊਟ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਖ਼ੁਦ ਹਸਪਤਾਲ ਪਹੁੰਚੇ। ਉੱਥੇ ਮੌਜੂਦ ਸਟਾਫ਼, ਟਰੱਸਟੀ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਾਫ਼ ਕੀਤਾ ਕਿ ਜਦੋਂ ਤੱਕ ਅਦਾਲਤ ਦਾ ਕੋਈ ਆਖ਼ਰੀ ਨਿਰਣਾ ਨਹੀਂ ਆ ਜਾਂਦਾ, ਉਦੋਂ ਤੱਕ ਸੰਸਥਾ ਚਲਾਉਣ ਦੀ ਪੂਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨਿਭਾਉਂਦੀ ਰਹੇਗੀ।


ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸਾਲ 2006 'ਚ ਸਥਾਪਿਤ ਹੋਈ ਇਸ ਸੰਸਥਾ ਨੂੰ ਸ਼੍ਰੋਮਣੀ ਕਮੇਟੀ ਹੁਣ ਤੱਕ 142 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਚੁੱਕੀ ਹੈ, ਜਦਕਿ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਵੀ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਹਰ ਸਾਲ ਬਜਟ 'ਚ 8 ਕਰੋੜ ਰੁਪਏ ਦਾ ਖ਼ਾਸ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਥ ਲੈਬ, ਓ.ਪੀ.ਡੀ. ਅਤੇ ਹੋਰ ਵਿਭਾਗਾਂ ਰਾਹੀਂ ਹਜ਼ਾਰਾਂ ਮਰੀਜ਼ ਇਲਾਜ ਕਰਵਾ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਯੋਜਨਾ ਲੋੜੀਂਦਾ ਇੰਫਰਾਸਟ੍ਰਕਚਰ ਤਿਆਰ ਕਰਕੇ ਇਸ ਨੂੰ ਇੱਕ ਵੱਡੇ ਮੈਡੀਕਲ ਕਾਲਜ 'ਚ ਤਬਦੀਲ ਕਰਨ ਦੀ ਹੈ।


ਕਾਨੂੰਨੀ ਸਥਿਤੀ 'ਤੇ ਬੋਲਦਿਆਂ ਧਾਮੀ ਨੇ ਦੱਸਿਆ ਕਿ 12 ਮਈ ਦੇ ਹੁਕਮਾਂ ਖ਼ਿਲਾਫ਼ ਦਾਇਰ ਐੱਲ.ਪੀ.ਏ. (LPA) 'ਤੇ ਸੁਣਵਾਈ ਕਰਦਿਆਂ ਹਾਈਕੋਰਟ ਦੇ ਡਬਲ ਬੈਂਚ ਨੇ ਨਵੇਂ ਬਣੇ ਮੈਡੀਕਲ ਬੋਰਡ ਦੇ ਕੰਮਕਾਜ 'ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਮਾਮਲਾ ਜ਼ਮੀਨ ਜਾਂ ਇਮਾਰਤ 'ਤੇ 'ਕਬਜ਼ੇ' ਦਾ ਨਹੀਂ, ਸਗੋਂ ਬਿਨਾ ਕਿਸੇ ਧਰਮ ਜਾਂ ਜਾਤ ਦੇ ਭੇਦਭਾਵ ਤੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦਾ ਹੈ।


ਐੱਸ.ਜੀ.ਪੀ.ਸੀ. ਪ੍ਰਧਾਨ ਨੇ ਐਲਾਨ ਕੀਤਾ ਕਿ ਅਮਲੇ ਦੀਆਂ ਰੁਕੀਆਂ ਤਨਖ਼ਾਹਾਂ ਲਈ 1 ਕਰੋੜ 40 ਲੱਖ ਰੁਪਏ ਦੀ ਰਾਸ਼ੀ ਤੁਰੰਤ ਪ੍ਰਭਾਵ ਨਾਲ ਭੇਜ ਦਿੱਤੀ ਗਈ ਹੈ ਅਤੇ ਬਾਕੀ ਦਾ ਬਕਾਇਆ ਵੀ ਜਲਦ ਚੁਕਾ ਦਿੱਤਾ ਜਾਵੇਗਾ। ਉਨ੍ਹਾਂ ਪਿਛਲੇ ਦਿਨੀਂ ਨੌਕਰੀ ਛੱਡ ਕੇ ਗਏ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਵੀ ਵਾਪਸ ਡਿਊਟੀ 'ਤੇ ਪਰਤਣ ਦੀ ਖੁੱਲ੍ਹੀ ਅਪੀਲ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.