ਤਾਜਾ ਖਬਰਾਂ
ਸਰਹਿੰਦ-ਮੰਡੀ ਗੋਬਿੰਦਗੜ੍ਹ ਜੀ.ਟੀ. ਰੋਡ 'ਤੇ ਦੇਰ ਰਾਤ ਵਾਪਰੇ ਇੱਕ ਰੂਹ ਕੰਬਾਊ ਸੜਕ ਹਾਦਸੇ 'ਚ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਤਿੰਨ ਕਾਂਵੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਚੌਥਾ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਹ ਸਾਰੇ ਸ਼ਿਵ ਭਗਤ ਕੋਟਕਪੂਰਾ ਦੇ ਰਹਿਣ ਵਾਲੇ ਸਨ ਅਤੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਲਈ ਗੰਗੋਤਰੀ ਤੋਂ 'ਡਾਕ ਕਾਂਵੜ' (ਗੰਗਾਜਲ) ਲੈ ਕੇ ਵਾਪਸ ਪਰਤ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਲਾਸ਼ਾਂ ਸੜਕ 'ਤੇ ਦੂਰ-ਦੂਰ ਤੱਕ ਖਿੰਡ ਗਈਆਂ।
ਮ੍ਰਿਤਕਾਂ ਦੀ ਪਛਾਣ ਜਗਦੀਸ਼ ਮਿੱਤਲ (40) ਵਾਸੀ ਡਾਕਟਰ ਹਰਪਾਲ ਗਲੀ, ਮਹਿੰਦਰ ਪਾਲ (43) ਵਾਸੀ ਹਰੀਨੌ ਰੋਡ ਅਤੇ ਦੀਪਕ ਕੁਮਾਰ (42) ਵਾਸੀ ਸੁਰਗਾਪੁਰੀ (ਤਿੰਨੋਂ ਨਿਵਾਸੀ ਕੋਟਕਪੂਰਾ) ਵਜੋਂ ਹੋਈ ਹੈ। ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਮੁਕੇਸ਼ ਗੋਇਲ (ਨਿਵਾਸੀ ਨੇੜੇ ਸਰਕਾਰੀ ਗਰਲਜ਼ ਸਕੂਲ, ਕੋਟਕਪੂਰਾ) ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ, ਕੋਟਕਪੂਰਾ ਦੇ ਪ੍ਰਾਚੀਨ ਡੇਰਾ ਦੁੱਧਾਧਾਰੀ ਤੋਂ 'ਸ਼ਿਵ ਤ੍ਰਿਲੋਕੀ ਨਾਥ ਕਾਂਵੜ ਸੰਘ' ਅਤੇ ਸ੍ਰੀ ਰਾਮਬਾਗ ਮੰਦਰ ਤੋਂ 'ਨਵਾਂ ਸ਼ਿਵ ਕਾਂਵੜ ਸੰਘ' ਦੇ ਸ਼ਰਧਾਲੂ 30 ਜੁਲਾਈ ਨੂੰ ਗੰਗੋਤਰੀ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ 10 ਅਗਸਤ (ਸੋਮਵਾਰ) ਨੂੰ ਪਵਿੱਤਰ ਗੰਗਾਜਲ ਲੈ ਕੇ ਕੋਟਕਪੂਰਾ ਪਹੁੰਚਣਾ ਸੀ, ਪਰ ਵਾਪਸੀ ਦੇ ਸਫ਼ਰ ਦੌਰਾਨ ਇਹ ਭਾਣਾ ਵਰਤ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਕੋਟਕਪੂਰਾ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
Get all latest content delivered to your email a few times a month.