ਤਾਜਾ ਖਬਰਾਂ
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਤੈਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਘੁਸਪੈਠ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਇਹ ਘਟਨਾ ਅੰਮ੍ਰਿਤਸਰ ਦੇ ਸਰਹੱਦੀ ਖ਼ੇਤਰ ਵਿੱਚ ਦੇਰ ਰਾਤ ਵਾਪਰੀ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਚੌਕਸੀ ਵਧਾ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, BSF ਦੀ 181ਵੀਂ ਬਟਾਲੀਅਨ ਦੇ ਜਵਾਨ ਥਾਣਾ ਘਰਿੰਡਾ ਅਧੀਨ ਆਉਂਦੀ ਬੋਰਡਰ ਆਊਟ ਪੋਸਟ (BOP) ਦਾਓਕੇ ਵਿਖੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਜਵਾਨਾਂ ਨੇ ਕੰਡਿਆਲੀ ਤਾਰ (ਬਾਰਡਰ ਫੈਂਸ) ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਸ਼ੱਕੀ ਗਤੀਵਿਧੀ ਦੇਖੀ, ਜੋ ਭਾਰਤੀ ਖ਼ੇਤਰ ਤੋਂ ਪਾਕਿਸਤਾਨ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਿਊਟੀ 'ਤੇ ਤੈਨਾਤ ਜਵਾਨਾਂ ਨੇ ਉਸ ਨੂੰ ਤੁਰੰਤ ਰੁਕਣ ਲਈ ਲਲਕਾਰਿਆ, ਪਰ ਉਹ ਚੇਤਾਵਨੀ ਨੂੰ ਅਣਦੇਖਾ ਕਰਕੇ ਲਗਾਤਾਰ ਅੱਗੇ ਵਧਦਾ ਰਿਹਾ। ਖ਼ਤਰੇ ਨੂੰ ਭਾਂਪਦਿਆਂ ਜਵਾਨਾਂ ਵੱਲੋਂ ਚਲਾਈ ਗਈ ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤਲਾਸ਼ੀ ਅਭਿਆਨ ਦੌਰਾਨ ਮ੍ਰਿਤਕ ਕੋਲੋਂ ਤੰਬਾਕੂ ਦਾ ਇੱਕ ਪੈਕੇਟ ਬਰਾਮਦ ਹੋਇਆ ਹੈ, ਪਰ ਉਸ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਫਿਲਹਾਲ ਲਾਸ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪੁਲਿਸ ਇਸ ਗੱਲ ਦੀ ਜਾਂਚ 'ਚ ਜੁਟੀਆਂ ਹੋਈਆਂ ਹਨ ਕਿ ਮ੍ਰਿਤਕ ਭਾਰਤੀ ਨਾਗਰਿਕ ਸੀ ਜਾਂ ਕੋਈ ਪਾਕਿਸਤਾਨੀ ਘੁਸਪੈਠੀਆ ਅਤੇ ਉਸ ਦੇ ਸਰਹੱਦ ਪਾਰ ਜਾਣ ਦਾ ਅਸਲ ਮਕਸਦ ਕੀ ਸੀ।
Get all latest content delivered to your email a few times a month.