ਤਾਜਾ ਖਬਰਾਂ
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਦੇ ਪਿਤਾ ਅਤੇ ਉਨ੍ਹਾਂ ਦੇ ਕਰੀਅਰ ਦੇ ਮੁੱਖ ਮਾਰਗਦਰਸ਼ਕ ਜੋਰਜ ਮੈਸੀ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਆਖ਼ਰੀ ਸਾਹ ਲਏ। ਰਾਇਟਰਜ਼ ਸਮੇਤ ਅਰਜਨਟੀਨਾ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਸ਼ਨੀਵਾਰ (8 ਅਗਸਤ) ਨੂੰ ਉਨ੍ਹਾਂ ਦੇ ਚਲਾਣੇ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਮੇਸੀ ਨੂੰ ਵਿਸ਼ਵ ਫੁੱਟਬਾਲ ਦਾ ਸੁਪਰਸਟਾਰ ਬਣਾਉਣ ਅਤੇ ਉਨ੍ਹਾਂ ਦੇ ਕਰੀਅਰ ਨੂੰ ਸੰਵਾਰਨ ਵਿੱਚ ਜੋਰਜ ਮੈਸੀ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ।
ਜੂਨ ਮਹੀਨੇ 'ਚ ਜੋਰਜ ਮੈਸੀ ਦੀ ਵਿਗੜਦੀ ਸਿਹਤ ਨੂੰ ਲੈ ਕੇ ਕਈ ਅਫ਼ਵਾਹਾਂ ਫੈਲਣ ਤੋਂ ਬਾਅਦ ਮੈਸੀ ਪਰਿਵਾਰ ਨੇ ਜਨਤਕ ਬਿਆਨ ਜਾਰੀ ਕੀਤਾ ਸੀ। ਪਰਿਵਾਰ ਨੇ ਉਸ ਸਮੇਂ ਸਪੱਸ਼ਟ ਕੀਤਾ ਸੀ ਕਿ ਜੋਰਜ ਡਾਕਟਰੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਉਨ੍ਹਾਂ ਦੀ ਬਿਮਾਰੀ 'ਤੇ ਅਟਕਲਾਂ ਲਗਾਉਣ ਵਾਲਿਆਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਨਿੱਜੀ ਮਾਮਲਾ ਦੱਸਿਆ ਸੀ।
ਜੋਰਜ ਮੈਸੀ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਉਸ ਸਮੇਂ ਹੋਰ ਵਧ ਗਈਆਂ ਸਨ ਜਦੋਂ ਵਿਸ਼ਵ ਕੱਪ ਮੁਕਾਬਲੇ ਦੌਰਾਨ ਅਲਜੀਰੀਆ ਵਿਰੁੱਧ ਗੋਲ ਕਰਨ ਤੋਂ ਬਾਅਦ ਲਿਓਨਲ ਮੇਸੀ ਮੈਦਾਨ 'ਚ ਹੀ ਭਾਵੁਕ ਹੋ ਗਏ ਸਨ। ਮੈਚ ਤੋਂ ਬਾਅਦ ਮੇਸੀ ਨੇ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਹੰਝੂਆਂ ਦਾ ਸਬੰਧ ਖੇਡ ਨਾਲ ਨਹੀਂ, ਸਗੋਂ ਪਰਿਵਾਰਕ ਮੁਸ਼ਕਲਾਂ ਨਾਲ ਸੀ। ਇਸ ਤੋਂ ਇਲਾਵਾ, ਜੁਲਾਈ ਦੇ ਅਖੀਰ 'ਚ ਮੇਸੀ ਨੇ ਐੱਮ.ਐੱਲ.ਐੱਸ. (MLS) ਆਲ-ਸਟਾਰ ਗੇਮ 'ਚ ਵੀ ਹਿੱਸਾ ਨਹੀਂ ਲਿਆ ਸੀ, ਜਿਸ ਦਾ ਕਾਰਨ ਪਿਤਾ ਦੀ ਵਿਗੜਦੀ ਤਬੀਅਤ ਹੀ ਮੰਨਿਆ ਜਾ ਰਹਾ ਸੀ।
ਲਿਓਨਲ ਮੇਸੀ ਦੀ ਕਪਤਾਨੀ ਹੇਠ ਅਰਜਨਟੀਨਾ ਨੇ ਸਾਲ 2022 ਦਾ 'ਫੀਫਾ ਵਿਸ਼ਵ ਕੱਪ' ਜਿੱਤ ਕੇ ਇਤਿਹਾਸ ਰਚਿਆ ਸੀ, ਜਦਕਿ ਇਸ ਸਾਲ ਵਿਸ਼ਵ ਕੱਪ ਦੇ ਫਾਈਨਲ 'ਚ ਸਪੇਨ ਹੱਥੋਂ ਮਿਲੀ ਹਾਰ ਤੋਂ ਬਾਅਦ ਵੀ ਮੇਸੀ ਬੇਹੱਦ ਭਾਵੁਕ ਨਜ਼ਰ ਆਏ ਸਨ। ਜੋਰਜ ਮੈਸੀ ਦੇ ਅਚਾਨਕ ਚਲੇ ਜਾਣ ਨਾਲ ਨਾ ਸਿਰਫ਼ ਮੇਸੀ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਿਆ ਹੈ, ਸਗੋਂ ਪੂਰੀ ਦੁਨੀਆ ਦੇ ਫੁੱਟਬਾਲ ਪ੍ਰਸ਼ੰਸਕਾਂ ਅਤੇ ਖੇਡ ਜਗਤ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ।
Get all latest content delivered to your email a few times a month.