ਤਾਜਾ ਖਬਰਾਂ
ਪੰਜਾਬ ਵਿੱਚ ਮਾਨਸੂਨ ਅਤੇ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਗਿਆਨ ਕੇਂਦਰ (IMD) ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ—ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੋਪੜ ਵਿੱਚ ਭਾਰੀ ਮੀਂਹ, ਗਰਜ ਅਤੇ ਬਿਜਲੀ ਚਮਕਣ ਦੀ ਚੇਤਾਵਨੀ ਦਿੰਦਿਆਂ 'ਯੈਲੋ ਅਲਰਟ' ਜਾਰੀ ਕੀਤਾ ਹੈ। ਦੂਜੇ ਪਾਸੇ, ਚੰਡੀਗੜ੍ਹ ਅਤੇ ਪੰਜਾਬ ਦੇ ਬਾਕੀ ਹਿੱਸਿਆਂ 'ਚ ਬੱਦਲਵਾਈ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਤਵੱਕੋ ਜਤਾਈ ਗਈ ਹੈ।
ਸੂਬੇ ਦੇ ਕਈ ਹਿੱਸਿਆਂ 'ਚ ਹੋਈ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਔਸਤ ਵੱਧ ਤੋਂ ਵੱਧ ਤਾਪਮਾਨ 1.2 ਡਿਗਰੀ ਘਟ ਕੇ ਆਮ ਨਾਲੋਂ 3.4 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ 34 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ।
ਬੀਤੇ ਦਿਨ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਰਿਕਾਰਡ ਕੀਤਾ ਗਿਆ:
ਲੁਧਿਆਣਾ: ਸਭ ਤੋਂ ਵੱਧ 6 ਮਿਲੀਮੀਟਰ ਬਾਰਿਸ਼।
ਸੰਗਰੂਰ: 4 ਮਿਲੀਮੀਟਰ।
ਪਟਿਆਲਾ ਤੇ ਫ਼ਰੀਦਕੋਟ: 3-3 ਮਿਲੀਮੀਟਰ।
ਅੰਮ੍ਰਿਤਸਰ: 0.8 ਮਿਲੀਮੀਟਰ।
ਪਠਾਨਕੋਟ, ਫ਼ਤੇਹਗੜ੍ਹ ਸਾਹਿਬ ਤੇ ਫ਼ਿਰੋਜ਼ਪੁਰ: 1-1 ਮਿਲੀਮੀਟਰ ਮੀਂਹ।
ਇਸ ਤੋਂ ਇਲਾਵਾ ਥੀਨ ਡੈਮ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਏਅਰਪੋਰਟ ਖ਼ੇਤਰ 'ਚ ਵੀ ਹਲਕੀ ਬੂੰਦਾ-ਬਾਂਦੀ (ਟਰੇਸ ਬਾਰਿਸ਼) ਦੇਖਣ ਨੂੰ ਮਿਲੀ।
ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਮਾਨਸੂਨ ਟਰਫ਼ ਉੱਤਰੀ ਭਾਰਤ ਵਿੱਚੋਂ ਲੰਘ ਰਹੀ ਹੈ। ਇਸ ਦੇ ਪ੍ਰਭਾਵ ਨਾਲ ਅਗਲੇ 24 ਘੰਟਿਆਂ ਦੌਰਾਨ ਸੂਬੇ 'ਚ ਕਈ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਵਿਭਾਗ ਮੁਤਾਬਕ 9 ਤੋਂ 12 ਅਗਸਤ ਅਤੇ ਫਿਰ 14 ਅਗਸਤ ਨੂੰ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਪੂਰੀ ਉਮੀਦ ਹੈ।
Get all latest content delivered to your email a few times a month.