IMG-LOGO
ਹੋਮ ਪੰਜਾਬ: ਜਲੰਧਰ 'ਚ ਵੱਡੀ ਚੋਰੀ: ਖਿੜਕੀ ਤੋੜ ਕੇ ਘਰ 'ਚ ਦਾਖ਼ਲ...

ਜਲੰਧਰ 'ਚ ਵੱਡੀ ਚੋਰੀ: ਖਿੜਕੀ ਤੋੜ ਕੇ ਘਰ 'ਚ ਦਾਖ਼ਲ ਹੋਏ ਚੋਰ, ਪਰਿਵਾਰ ਨੂੰ ਕਮਰੇ 'ਚ ਬੰਦ ਕਰਕੇ ਲੱਖਾਂ ਦੇ ਗਹਿਣੇ ਤੇ ਨਕਦੀ ਉਡਾਈ; ਖੇਤਾਂ...

Admin User - Aug 08, 2026 02:58 PM
IMG

ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਗੱਦੋਵਾਲੀ ਵਿਖੇ ਦੇਰ ਰਾਤ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਾਤਿਰ ਚੋਰ ਘਰ ਦੀ ਖਿੜਕੀ ਦਾ ਕੱਚ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਸੁੱਤੇ ਪਏ ਪਰਿਵਾਰ ਵਾਲਿਆਂ ਦਾ ਕਮਰਾ ਬਾਹਰੋਂ ਮੇਜ਼ ਲਗਾ ਕੇ ਬੰਦ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।


ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਜਦੋਂ ਉਹ ਵਾਸ਼ਰੂਮ ਜਾਣ ਲਈ ਉੱਠੇ ਤਾਂ ਸਭ ਕੁਝ ਠੀਕ-ਠਾਕ ਸੀ। ਇਸ ਤੋਂ ਬਾਅਦ ਚੋਰ ਘਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਵੜੇ। ਸ਼ੀਸ਼ਾ ਟੁੱਟਣ ਦੀ ਆਵਾਜ਼ ਆਉਣ 'ਤੇ ਪਰਿਵਾਰ ਨੇ ਇਸ ਨੂੰ ਆਮ ਆਵਾਜ਼ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ। ਸਵੇਰੇ 5 ਵਜੇ ਜਦੋਂ ਗੁਰਮੀਤ ਰਾਮ ਨੇ ਬਾਹਰ ਆਉਣ ਲਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਹਰੋਂ ਬੰਦ ਸੀ। ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਣ 'ਤੇ ਦੇਖਿਆ ਕਿ ਚੋਰਾਂ ਨੇ ਬਾਹਰ ਮੇਜ਼ ਡਾਹ ਕੇ ਦਰਵਾਜ਼ਾ ਅੜਾਇਆ ਹੋਇਆ ਸੀ।


ਦੂਜੇ ਕਮਰੇ 'ਚ ਜਾ ਕੇ ਦੇਖਿਆ ਤਾਂ ਅਲਮਾਰੀ ਦੇ ਲਾਕਰ ਟੁੱਟੇ ਪਏ ਸਨ ਅਤੇ ਸਾਮਾਨ ਖਿੰਡਰਿਆ ਹੋਇਆ ਸੀ। ਗੁਰਮੀਤ ਰਾਮ ਅਨੁਸਾਰ ਉਨ੍ਹਾਂ ਦੇ ਛੋਟੇ ਪੁੱਤਰ ਦਾ ਵਿਆਹ ਧਰਿਆ ਹੋਇਆ ਸੀ, ਜਿਸ ਦੇ ਖ਼ਰਚੇ ਲਈ 10, 20, 50 ਅਤੇ 100 ਰੁਪਏ ਦੇ ਨਵੇਂ ਨੋਟਾਂ ਦੀਆਂ ਗੁੱਛੀਆਂ ਦੇ ਰੂਪ 'ਚ 40 ਹਜ਼ਾਰ ਰੁਪਏ ਦੀ ਨਕਦੀ ਰੱਖੀ ਹੋਈ ਸੀ। ਚੋਰ ਇਹ 40 ਹਜ਼ਾਰ ਰੁਪਏ ਨਕਦ ਅਤੇ ਕਰੀਬ 2 ਤੋਲੇ ਸੋਨੇ ਦੇ ਗਹਿਣੇ (ਚੇਨੀ, ਅੰਗੂਠੀਆਂ ਤੇ ਟੌਪਸ) ਲੈ ਕੇ ਚੰਪਤ ਹੋ ਗਏ।


ਘਰ ਦੇ ਪਿੱਛੇ ਖੁੱਲ੍ਹੇ ਖੇਤ ਹੋਣ ਕਾਰਨ ਚੋਰ ਉਸੇ ਰਸਤੇ ਤੋਂ ਭੱਜੇ। ਜਾਂਚ ਦੌਰਾਨ ਖੇਤਾਂ ਦੀ ਗਿੱਲੀ ਮਿੱਟੀ 'ਚ ਚੋਰਾਂ ਦੇ ਨੰਗੇ ਪੈਰਾਂ ਅਤੇ ਫਿਸਲਣ ਦੇ ਸਾਫ਼ ਨਿਸ਼ਾਨ ਦੇਖਣ ਨੂੰ ਮਿਲੇ ਹਨ। ਪੀੜਤ ਪਰਿਵਾਰ ਨੇ ਲਾਂਬੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਘਾਲ ਕੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੁਹਾਰ ਲਗਾਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.