ਤਾਜਾ ਖਬਰਾਂ
ਫਾਜ਼ਿਲਕਾ ਪੁਲਿਸ ਨੇ ਚੋਰੀ ਦੀਆਂ ਦੋ ਵੱਖ-ਵੱਖ ਵਾਰਦਾਤਾਂ ਨੂੰ ਸੁਲਝਾਉਂਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਮਾਮਲੇ ਵਿੱਚ ਚਾਰ ਚੋਰੀਸ਼ੁਦਾ ਹੋਂਡਾ ਐਕਟਿਵਾ ਅਤੇ ਦੂਜੇ ਮਾਮਲੇ ਵਿੱਚ ਕਰੀਬ 25 ਲੱਖ ਰੁਪਏ ਮੁੱਲ ਦੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।
ਐਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ ਸਿਟੀ ਥਾਣਾ ਪੁਲਿਸ ਨੂੰ ਲਗਾਤਾਰ ਸਕੂਟੀ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਾਂਚ ਦੌਰਾਨ ਇੱਕ ਸ਼ਾਤਿਰ ਚੋਰ ਨੂੰ ਕਾਬੂ ਕੀਤਾ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਫਿਰੋਜ਼ਪੁਰ ਤੋਂ ਬੱਸ ਰਾਹੀਂ ਫਾਜ਼ਿਲਕਾ ਆ ਕੇ ਐਕਟਿਵਾ ਚੋਰੀ ਕਰਦਾ ਅਤੇ ਮੁੜ ਫਰਾਰ ਹੋ ਜਾਂਦਾ ਸੀ। ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਚਾਰ ਚੋਰੀਸ਼ੁਦਾ ਹੋਂਡਾ ਐਕਟਿਵਾ ਬਰਾਮਦ ਕਰ ਲਈਆਂ। ਮੁਲਜ਼ਮ ਨੂੰ ਰਿਮਾਂਡ 'ਤੇ ਲੈ ਕੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਉੱਧਰ, ਥਾਣਾ ਵੈਰੋਕਾ ਪੁਲਿਸ ਨੇ ਚੱਕ ਅਰਣੀਵਾਲਾ ਉਰਫ਼ ਕਟੀਆ ਪਿੰਡ ਵਿੱਚ ਘਰ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ ਦਾ ਵੀ ਪਰਦਾਫਾਸ਼ ਕੀਤਾ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3 ਤੋਲਾ 3.5 ਗ੍ਰਾਮ ਸੋਨੇ ਅਤੇ ਕਰੀਬ 23 ਤੋਲਾ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਪੀੜਤ ਪਰਿਵਾਰ ਨੇ ਕਰੀਬ 25 ਲੱਖ ਰੁਪਏ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ।
ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦਾ ਸਬੰਧ ਹੋਰ ਚੋਰੀ ਦੀਆਂ ਵਾਰਦਾਤਾਂ ਨਾਲ ਤਾਂ ਨਹੀਂ। ਜ਼ਿਲ੍ਹਾ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਦੋਸ਼ੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
Get all latest content delivered to your email a few times a month.