IMG-LOGO
ਹੋਮ ਪੰਜਾਬ: ਵੜਿੰਗ ਨੇ ਡੀ.ਏ. ਦੀ ਮੰਗ ਕਰ ਰਹੇ ਸਰਕਾਰੀ ਕਰਮਚਾਰੀਆਂ 'ਤੇ...

ਵੜਿੰਗ ਨੇ ਡੀ.ਏ. ਦੀ ਮੰਗ ਕਰ ਰਹੇ ਸਰਕਾਰੀ ਕਰਮਚਾਰੀਆਂ 'ਤੇ ਪੁਲਿਸ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ

Admin User - Aug 07, 2026 06:30 PM
IMG

ਚੰਡੀਗੜ੍ਹ, 7 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੂਬਾ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ 'ਤੇ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਨਿੰਦਾ ਕੀਤੀ, ਜੋ ਆਪਣਾ ਬਕਾਇਆ 'ਮਹਿੰਗਾਈ ਭੱਤਾ' ਲੈਣ ਦੀ ਮੰਗ ਕਰ ਰਹੇ ਹਨ।

ਵਿਰੋਧ ਕਰ ਰਹੇ ਕਰਮਚਾਰੀਆਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ ਕਿ ਡੀ.ਏ. ਕਰਮਚਾਰੀਆਂ ਦਾ ਹੱਕ ਹੈ। ਉਨ੍ਹਾਂ ਨੂੰ ਇਹ ਮਿਲਣਾ ਹੀ ਚਾਹੀਦਾ ਹੈ ਅਤੇ ਆਪ ਸਰਕਾਰ ਇਸ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੈ।

ਪੀ.ਸੀ.ਸੀ. ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਕਰਮਚਾਰੀਆਂ ਨਾਲ ਵਾਅਦਾ ਤੋੜਿਆ ਹੈ, ਸਗੋਂ ਉਨ੍ਹਾਂ ਦੀਆਂ ਮੰਗਾਂ ਲਈ ਉਨ੍ਹਾਂ 'ਤੇ ਪੁਲਿਸ ਦੀ ਤਾਕਤ ਵੀ ਵਰਤੀ ਹੈ।

ਉਨ੍ਹਾਂ ਪੁੱਛਿਆ ਕਿ ਜੇ AAP ਸਰਕਾਰ ਕੋਲ ਗੁਜਰਾਤ ਅਤੇ ਗੋਆ ਵਿੱਚ ਚੋਣ ਪ੍ਰਚਾਰ 'ਤੇ ਪੰਜਾਬ ਦਾ ਕੀਮਤੀ ਪੈਸਾ ਖਰਚ ਕਰਨ ਲਈ ਪੈਸਾ ਹੈ, ਤਾਂ ਆਪਣੇ ਹੀ ਕਰਮਚਾਰੀਆਂ ਲਈ ਪੈਸਾ ਕਿਉਂ ਨਹੀਂ ਹੈ? ਸਰਕਾਰ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਬਕਾਇਆ ਡੀ.ਏ. ਦੀਆਂ ਕਿਸ਼ਤਾਂ ਕਿਉਂ ਨਹੀਂ ਦੇ ਸਕਦੀ?

AAP ਸਰਕਾਰ ਦੀ ਨੀਅਤ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਡੀ.ਏ. ਦੇ ਭੁਗਤਾਨ ਸਬੰਧੀ ਹਾਈ ਕੋਰਟ ਦੇ ਹੁਕਮਾਂ ਦਾ ਵੀ ਵਿਰੋਧ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਜੀਬ ਗੱਲ ਹੈ ਕਿ ਸਰਕਾਰ ਨਾ ਸਿਰਫ਼ ਆਪਣੇ ਕਰਮਚਾਰੀਆਂ ਦੇ ਹੱਕ ਦੇ ਪੈਸੇ ਦੇਣ ਤੋਂ ਇਨਕਾਰ ਕਰ ਰਹੀ ਹੈ, ਸਗੋਂ ਅਦਾਲਤ ਵਿੱਚ ਵੀ ਉਨ੍ਹਾਂ ਦੇ ਖ਼ਿਲਾਫ਼ ਖੜ੍ਹੀ ਹੈ। ਉਨ੍ਹਾਂ ਸਵਾਲ ਕੀਤਾ, “ਕਿਹੜੀ ਸਰਕਾਰ ਆਪਣੇ ਹੀ ਕਰਮਚਾਰੀਆਂ ਦਾ ਵਿਰੋਧ ਕਰਦੀ ਹੈ, ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਦੀ ਮੰਗ ਜਾਇਜ਼ ਹੈ?”

ਕਰਮਚਾਰੀਆਂ ਨਾਲ ਆਪਣੀ ਹਮਦਰਦੀ ਜ਼ਾਹਰ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਕਰਮਚਾਰੀਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਆਪਣੀ ਪੂਰੀ ਤਾਕਤ ਅਤੇ ਸਾਧਨ ਵਰਤੇਗੀ।

ਉਨ੍ਹਾਂ ਨੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ  ਬਹਾਲ ਕਰਨ ਦੇ ਮਾਮਲੇ ਵਿੱਚ ਆਪ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਪਿੱਛੇ ਹਟਣ 'ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਪਹਿਲਾਂ ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਕਾਂਗਰਸ ਸਰਕਾਰਾਂ ਨੇ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਸੀ ਅਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਇਹ ਬਹਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਸਿਰਫ ਕਾਂਗਰਸ ਸਰਕਾਰ ਹੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.