ਤਾਜਾ ਖਬਰਾਂ
ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਨਾਨਕਪੁਰਾ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਵਿੱਚ ਗਹਿਰਾ ਰੋਸ ਅਤੇ ਦੁੱਖ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਖਲਚੀਆਂ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਅਨੁਸਾਰ ਬੀਤੀ ਰਾਤ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ ਅਤੇ ਸਿੰਘਾਸਨ ਸਾਹਿਬ 'ਤੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਉਥੋਂ ਚੁੱਕ ਕੇ ਇੱਕ ਟੇਬਲ 'ਤੇ ਰੱਖ ਦਿੱਤਾ। ਇਸ ਤੋਂ ਬਾਅਦ ਉਹ ਖੁਦ ਸਿੰਘਾਸਨ ਸਾਹਿਬ 'ਤੇ ਲੇਟ ਗਿਆ। ਇਸ ਘਟਨਾ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਿਰਦਾਰ ਮੰਨਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਪੁਲਿਸ ਨੇ ਦੋਸ਼ੀ ਦੀ ਪਛਾਣ ਵਿਪਨ ਬੈਨੀਪਾਲ ਵਜੋਂ ਕੀਤੀ ਹੈ, ਜੋ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 299 ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਨੇ ਇਹ ਕਾਰਵਾਈ ਇਕੱਲੇ ਕੀਤੀ ਜਾਂ ਉਸ ਦੇ ਨਾਲ ਕੋਈ ਹੋਰ ਵੀ ਸ਼ਾਮਲ ਸੀ।
ਘਟਨਾ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਬਾਬਾ ਬਕਾਲਾ ਦੇ ਯੂਥ ਪ੍ਰਧਾਨ ਯੁਵਰਾਜ ਸਿੰਘ ਨੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਪੂਰੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀ ਦਿੱਲੀ ਤੋਂ ਆਇਆ ਸੀ ਅਤੇ ਮਾਮਲੇ ਦੇ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਘਰਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।
ਸਿੱਖ ਆਗੂ ਅਮਰੀਕ ਸਿੰਘ ਬਿੱਟਾ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿ ਦੋਸ਼ੀ ਨੇ ਇਹ ਕਦਮ ਕਿਸ ਦੇ ਕਹਿਣ 'ਤੇ ਚੁੱਕਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਮਲੇ ਵਿੱਚ ਲਾਪਰਵਾਹੀ ਵਰਤੀ ਗਈ ਤਾਂ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।
ਉੱਧਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਜਥੇਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਦੋਸ਼ੀ ਆਪਣੀ ਦਿੱਲੀ ਨੰਬਰ ਦੀ ਗੱਡੀ ਟਾਂਗਰਾ ਨੇੜੇ ਖੜ੍ਹੀ ਕਰਕੇ ਕਰੀਬ 13 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਸਾਹਿਬ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹਰ ਪੱਖ ਤੋਂ ਨਿਰਪੱਖ ਢੰਗ ਨਾਲ ਜਾਂਚੇ ਜਾਣ ਦੀ ਲੋੜ ਹੈ।
ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਥਾਣਾ ਖਲਚੀਆਂ ਵਿਖੇ ਐਸ.ਐਚ.ਓ. ਮੁਖਤਿਆਰ ਸਿੰਘ ਨਾਲ ਮੁਲਾਕਾਤ ਕਰਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਬਣਦੀ ਹਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.