IMG-LOGO
ਹੋਮ ਰਾਸ਼ਟਰੀ, ਖੇਡਾਂ, ਭਾਰਤੀ ਕ੍ਰਿਕਟ ਟੀਮ ਲਈ ਫਿਟਨੈਸ ਨਿਯਮ ਹੋਏ ਸਖ਼ਤ: ਆਇਰਲੈਂਡ ਤੇ...

ਭਾਰਤੀ ਕ੍ਰਿਕਟ ਟੀਮ ਲਈ ਫਿਟਨੈਸ ਨਿਯਮ ਹੋਏ ਸਖ਼ਤ: ਆਇਰਲੈਂਡ ਤੇ ਇੰਗਲੈਂਡ ਦੌਰੇ 'ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਬੀਸੀਸੀਆਈ ਦਾ ਵੱਡਾ ਫੈਸਲਾ; ਬ੍ਰੋਂਕੋ ਤੇ 2 ਕਿਲੋਮੀਟਰ...

Admin User - Aug 07, 2026 02:58 PM
IMG

ਆਇਰਲੈਂਡ ਅਤੇ ਇੰਗਲੈਂਡ ਦੇ ਹਾਲੀਆ ਦੌਰਿਆਂ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਮਾੜੇ ਪ੍ਰਦਰਸ਼ਨ ਅਤੇ ਖਿਡਾਰੀਆਂ ਦੀ ਫਿਟਨੈਸ 'ਚ ਆਈ ਗਿਰਾਵਟ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਠੋਸ ਕਦਮ ਚੁੱਕਿਆ ਹੈ। ਬੋਰਡ ਨੇ ਟੀਮ 'ਚ ਚੋਣ ਲਈ ਫਿਟਨੈਸ ਦੇ ਮਾਪਦੰਡਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਤੇ ਚੁਣੌਤੀਪੂਰਨ ਬਣਾ ਦਿੱਤਾ ਹੈ। ਹੁਣ ਭਾਰਤੀ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਬਣਾਉਣ ਲਈ 'ਬ੍ਰੋਂਕੋ ਟੈਸਟ' ਅਤੇ '2 ਕਿਲੋਮੀਟਰ ਦੌੜ' ਲਗਾਤਾਰ ਇੱਕੋ ਸਮੇਂ ਪਾਸ ਕਰਨੇ ਪੈਣਗੇ।


ਨਵੇਂ ਨਿਯਮਾਂ ਮੁਤਾਬਕ 5 ਸੈੱਟਾਂ ਵਾਲੇ 'ਬ੍ਰੋਂਕੋ ਟੈਸਟ' (ਕੁੱਲ 1200 ਮੀਟਰ) ਲਈ ਪਹਿਲਾਂ ਤੈਅ 6 ਮਿੰਟ ਦੀ ਸਮਾਂ ਸੀਮਾ ਨੂੰ 40 ਸਕਿੰਟ ਘਟਾ ਕੇ ਹੁਣ 5 ਮਿੰਟ 15 ਸਕਿੰਟ ਤੋਂ 5 ਮਿੰਟ 20 ਸਕਿੰਟ ਕਰ ਦਿੱਤਾ ਗਿਆ ਹੈ। ਇਸ ਟੈਸਟ ਦੇ ਤੁਰੰਤ ਬਾਅਦ ਖਿਡਾਰੀਆਂ ਨੂੰ ਬਿਨਾਂ ਕਿਸੇ ਬ੍ਰੇਕ ਦੇ 2 ਕਿਲੋਮੀਟਰ ਦੀ ਦੌੜ 9 ਤੋਂ 10 ਮਿੰਟਾਂ ਵਿੱਚ ਪੂਰੀ ਕਰਨੀ ਪਵੇਗੀ। ਪਹਿਲਾਂ 2 ਕਿਲੋਮੀਟਰ ਦੀ ਦੌੜ ਇੱਕ ਵੱਖਰਾ ਟੈਸਟ ਹੁੰਦਾ ਸੀ, ਜਿਸ 'ਚ ਤੇਜ਼ ਗੇਂਦਬਾਜ਼ਾਂ ਲਈ 8 ਮਿੰਟ 15 ਸਕਿੰਟ ਅਤੇ ਬਾਕੀ ਖਿਡਾਰੀਆਂ ਲਈ 8 ਮਿੰਟ 30 ਸਕਿੰਟ ਦਾ ਸਮਾਂ ਹੁੰਦਾ ਸੀ। ਹੁਣ ਦੋਵੇਂ ਟੈਸਟ ਇਕੱਠੇ ਹੋਣ ਨਾਲ ਖਿਡਾਰੀਆਂ ਦੇ ਸਰੀਰਕ ਸਤ੍ਹਾ ਦਾ ਅਸਲ ਇਮਤਿਹਾਨ ਹੋਵੇਗਾ।


ਬੀਸੀਸੀਆਈ ਦੇ ਸੂਤਰਾਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਫਿਟਨੈਸ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਅਤੇ ਕੁਝ ਸੀਨੀਅਰ ਖਿਡਾਰੀਆਂ ਨੂੰ ਛੋਟ ਦਿੱਤੀ ਜਾ ਰਹੀ ਸੀ। ਇੱਥੋਂ ਤੱਕ ਕਿ ਟੀਮ ਮੈਨੇਜਮੈਂਟ ਦੀ ਸਿਫ਼ਾਰਿਸ਼ 'ਤੇ ਸੈਂਟਰ ਆਫ਼ ਐਕਸੀਲੈਂਸ (COE) ਸਟਾਫ਼ ਨੇ ਹਰਸ਼ਿਤ ਰਾਣਾ ਅਤੇ ਨਿਤੀਸ਼ ਕੁਮਾਰ ਰੈਡੀ ਨੂੰ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਹਰੀ ਝੰਡੀ ਦੇ ਦਿੱਤੀ ਸੀ। ਹਰਸ਼ਿਤ ਰਾਣਾ ਨੂੰ ਇੰਗਲੈਂਡ ਦੌਰੇ ਦੌਰਾਨ ਵਧੇ ਹੋਏ ਭਾਰ (97 ਕਿਲੋਗ੍ਰਾਮ) ਕਾਰਨ ਵਾਪਸ ਭੇਜ ਦਿੱਤਾ ਗਿਆ ਸੀ। ਹਾਲਾਂਕਿ, ਹੁਣ ਹਰਸ਼ਿਤ ਦਾ ਭਾਰ ਘਟ ਕੇ 94 ਕਿਲੋਗ੍ਰਾਮ ਹੋ ਗਿਆ ਹੈ ਅਤੇ 96 ਕਿਲੋਗ੍ਰਾਮ ਤੋਂ ਘੱਟ ਭਾਰ ਦੇ ਤੈਅ ਟੀਚੇ ਅਨੁਸਾਰ ਉਸ ਨੂੰ ਅਗਲੇ ਹਫ਼ਤੇ ਤੱਕ ਫਿੱਟ ਐਲਾਨਿਆ ਜਾ ਸਕਦਾ ਹੈ।


ਅਨੁਕੂਲ ਮੌਸਮ ਦੇ ਬਾਵਜੂਦ ਖਿਡਾਰੀਆਂ ਦੇ ਮਾਸਪੇਸ਼ੀਆਂ 'ਚ ਕ੍ਰੈਂਪਸ ਅਤੇ ਸੱਟਾਂ ਦੀਆਂ ਸ਼ਿਕਾਇਤਾਂ 'ਤੇ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਅਤੇ ਮੈਨੇਜਮੈਂਟ ਨੇ ਟੀਮ ਦੇ ਫਿਜ਼ੀਓ ਕਮਲੇਸ਼ ਜੈਨ ਤੋਂ ਜਵਾਬ ਤਲਬੀ ਕੀਤੀ ਹੈ। ਫਿਜ਼ੀਓ ਨੂੰ ਸਾਫ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਖਿਡਾਰੀ ਦੇ ਸਟਾਰ ਰੁਤਬੇ ਜਾਂ ਕੱਦ ਦੀ ਪਰਵਾਹ ਕੀਤੇ ਬਿਨਾਂ ਫਿਟਨੈਸ 'ਚ ਗਿਰਾਵਟ ਦੀ ਤੁਰੰਤ ਰਿਪੋਰਟ ਕੀਤੀ ਜਾਵੇ। ਮੈਨੇਜਮੈਂਟ ਦਾ ਮੰਨਣਾ ਹੈ ਕਿ ਮੈਦਾਨ 'ਤੇ ਖਿਡਾਰੀਆਂ ਦੀ ਫੁਰਤੀ ਘਟੀ ਹੈ ਅਤੇ ਸੀਨੀਅਰ ਬੱਲੇਬਾਜ਼ਾਂ ਨੂੰ ਲੰਬੀ ਬੱਲੇਬਾਜ਼ੀ ਦੌਰਾਨ ਦੌੜਾਂ ਬਣਾਉਣ 'ਚ ਦਿੱਕਤ ਆ ਰਹੀ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.