IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਰੂਸ 'ਚ ਫਸੇ ਜਲੰਧਰ ਦੇ ਆਕਾਸ਼ਦੀਪ ਨੇ ਹੰਢਾਇਆ ਨਰਕ: ਏਜੰਟ...

ਰੂਸ 'ਚ ਫਸੇ ਜਲੰਧਰ ਦੇ ਆਕਾਸ਼ਦੀਪ ਨੇ ਹੰਢਾਇਆ ਨਰਕ: ਏਜੰਟ ਨੇ 6 ਲੱਖ ਠੱਗ ਕੇ ਭੇਜਿਆ ਵਿਦੇਸ਼, ਫੌਜ 'ਚ ਭਰਤੀ ਹੋਣ ਦੇ ਲਾਲਚ ਤੋਂ ਬਚ...

Admin User - Aug 07, 2026 02:47 PM
IMG

ਵਿਦੇਸ਼ਾਂ ਵਿੱਚ ਚੰਗੀ ਨੌਕਰੀ ਅਤੇ ਮੋਟੀ ਕਮਾਈ ਦਾ ਸੁਪਨਾ ਵੇਖ ਕੇ ਰੂਸ ਗਏ ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਨੌਜਵਾਨ ਆਕਾਸ਼ਦੀਪ ਨੇ ਏਜੰਟਾਂ ਦੀ ਠੱਗੀ ਅਤੇ ਉੱਥੇ ਬਿਤਾਏ ਨਰਕ ਭਰੇ ਦਿਨਾਂ ਦੀ ਖ਼ੌਫ਼ਨਾਕ ਦਾਸਤਾਨ ਬਿਆਨ ਕੀਤੀ ਹੈ। ਆਕਾਸ਼ਦੀਪ ਅਨੁਸਾਰ ਉਹ ਜਲੰਧਰ ਵਿੱਚ ਇੱਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਆਪਣੇ ਭਰਾ ਦੀ ਦੁਕਾਨ 'ਤੇ ਉਸ ਦੀ ਮੁਲਾਕਾਤ ਰਾਮਨਗਰ ਦੇ ਰਹਿਣ ਵਾਲੇ ਏਜੰਟ ਪਵਨ ਕੁਮਾਰ ਨਾਲ ਹੋਈ, ਜਿਸ ਨੇ ਦਿੱਲੀ ਦੇ ਜਤਿੰਦਰ ਅਤੇ ਰਾਮੰਡੋ ਨਾਮ ਦੇ ਦੋ ਏਜੰਟਾਂ ਨਾਲ ਉਸ ਦਾ ਸੰਪਰਕ ਕਰਵਾਇਆ। ਏਜੰਟਾਂ ਨੇ ਉਸ ਨੂੰ ਰੂਸ ਦੀ ਇੱਕ ਵੱਡੀ ਕੰਪਨੀ 'ਚ ਚੰਗੀ ਨੌਕਰੀ ਤੇ ਮੋਟੀ ਤਨਖ਼ਾਹ ਦੇ ਸੁਪਨੇ ਦਿਖਾ ਕੇ 6 ਲੱਖ ਰੁਪਏ ਮੰਗੇ। ਆਕਾਸ਼ਦੀਪ ਨੇ ਰਿਸ਼ਤੇਦਾਰਾਂ ਤੋਂ ਵਿਆਜ 'ਤੇ ਪੈਸੇ ਫੜ ਕੇ ਏਜੰਟ ਨੂੰ ਦਿੱਤੇ।


ਰੂਸ ਦੀ ਫਲਾਈਟ 13 ਜੂਨ ਨੂੰ ਤੈਅ ਸੀ, ਪਰ ਏਜੰਟ ਨੇ ਉਸ ਨੂੰ ਫਰਜ਼ੀ ਟਿਕਟ ਦੇ ਦਿੱਤੀ ਅਤੇ ਪਰਿਵਾਰ ਨੂੰ ਵਾਪਸ ਭੇਜ ਕੇ ਉਸ ਨੂੰ ਦਿੱਲੀ ਰੋਕ ਲਿਆ। ਝੂਠੇ ਦਿਲਾਸਿਆਂ ਤੋਂ ਬਾਅਦ ਆਖ਼ਰਕਾਰ 15 ਜੂਨ ਨੂੰ ਉਸ ਨੂੰ ਮਾਸਕੋ ਭੇਜਿਆ ਗਿਆ। ਵਾਅਦੇ ਮੁਤਾਬਕ ਮਾਸਕੋ ਏਅਰਪੋਰਟ 'ਤੇ ਉਸ ਨੂੰ ਲੈਣ ਕੋਈ ਨਹੀਂ ਆਇਆ। ਤਿੰਨ ਘੰਟੇ ਉਡੀਕਣ ਤੋਂ ਬਾਅਦ ਜਦੋਂ ਉਸ ਨੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਖ਼ੁਦ ਹੀ ਦਿੱਤੇ ਪਤੇ 'ਤੇ ਪਹੁੰਚਣ ਲਈ ਕਹਿ ਦਿੱਤਾ। ਉੱਥੇ ਉਸ ਨੂੰ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹੋਰ ਮੁੰਡੇ ਮਿਲੇ, ਜਿਨ੍ਹਾਂ ਨਾਲ ਭਾਸ਼ਾ ਦੀ ਸਮੱਸਿਆ ਝੱਲਦਿਆਂ ਉਹ ਦੱਸੀ ਲੋਕੇਸ਼ਨ 'ਤੇ ਪਹੁੰਚਿਆ।


ਲੋਕੇਸ਼ਨ 'ਤੇ ਪਹੁੰਚ ਕੇ ਉਸ ਦੇ ਹੋਸ਼ ਉੱਡ ਗਏ। ਰਹਿਣ ਦੇ ਨਾਂ 'ਤੇ ਬਾਥਰੂਮ ਜਿੱਡਾ ਛੋਟਾ ਕਮਰਾ ਦਿੱਤਾ ਗਿਆ, ਜਿੱਥੇ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਸੀ। ਉਨ੍ਹਾਂ ਨੂੰ ਭਾਰੀ ਕੰਸਟ੍ਰਕਸ਼ਨ ਦਾ ਕੰਮ ਕਰਨ ਲਈ ਕਿਹਾ ਗਿਆ ਅਤੇ ਮਨ੍ਹਾ ਕਰਨ 'ਤੇ ਪਾਕਿਸਤਾਨ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ 20 ਤੋਂ 30 ਲੱਖ ਰੁਪਏ ਦਾ ਲਾਲਚ ਦੇ ਕੇ ਰੂਸੀ ਫੌਜ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ।



ਆਕਾਸ਼ਦੀਪ ਨੇ ਦੱਸਿਆ ਕਿ ਇੱਕ ਦਿਨ ਕੰਮ ਵਾਲੀ ਥਾਂ 'ਤੇ ਰੂਸੀ ਪੁਲਿਸ ਦੀ ਰੇਡ ਪੈ ਗਈ, ਜਿਸ ਤੋਂ ਬਾਅਦ ਉੱਥੇ ਮੌਜੂਦ ਇੱਕ ਵਿਅਕਤੀ ਦੇ ਕਹਿਣ 'ਤੇ ਉਹ ਸਾਰੇ ਪੁਲਿਸ ਤੋਂ ਬਚਣ ਲਈ ਜੰਗਲਾਂ ਵੱਲ ਭੱਜ ਗਏ। ਬਿਨਾਂ ਖਾਧੇ-ਪੀਤੇ ਉਨ੍ਹਾਂ ਨੇ 2-3 ਦਿਨ ਜੰਗਲ ਵਿੱਚ ਬਿਤਾਏ। ਅਸਮਾਨ ਵਿੱਚ ਮੰਡਰਾਉਂਦੇ ਡਰੋਨਾਂ ਦੇ ਡਰੋਂ ਨੌਜਵਾਨ ਰਾਤਾਂ ਨੂੰ ਦੋ-ਦੋ ਘੰਟਿਆਂ ਦੀਆਂ ਸ਼ਿਫ਼ਟਾਂ ਬਣਾ ਕੇ ਵਾਰੀ-ਵਾਰੀ ਪਹਿਰਾ ਦਿੰਦੇ ਰਹੇ। ਇਸ ਦੌਰਾਨ ਉਨ੍ਹਾਂ ਦੇ ਕਈ ਸਾਥੀ ਇੱਕ-ਇੱਕ ਕਰਕੇ ਗਾਇਬ ਵੀ ਹੋ ਗਏ।


ਜੰਗਲ 'ਚੋਂ ਨਿਕਲਣ ਤੋਂ ਬਾਅਦ ਰਸਤੇ 'ਚ ਮਿਲੇ ਇੱਕ ਭਲੇ ਰੂਸੀ ਨਾਗਰਿਕ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਮਾਸਕੋ 'ਚ ਰਹਿੰਦੇ ਆਪਣੇ ਦੋਸਤ ਰਾਹੀਂ ਟ੍ਰੇਨ ਦੀ ਟਿਕਟ ਕਰਵਾ ਕੇ ਉਨ੍ਹਾਂ ਨੂੰ ਮਾਸਕੋ ਬੁਲਾਇਆ। ਮਾਸਕੋ ਪਹੁੰਚ ਕੇ ਆਕਾਸ਼ਦੀਪ ਨੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ। ਭਾਰਤ ਵਾਪਸ ਲਿਆਉਣ ਲਈ ਪਰਿਵਾਰ ਨੂੰ ਆਪਣਾ ਮੋਟਰਸਾਈਕਲ ਅਤੇ ਪਤਨੀ ਦੇ ਗਹਿਣੇ ਵੇਚ ਕੇ 95 ਹਜ਼ਾਰ ਰੁਪਏ ਦੀ ਹਵਾਈ ਟਿਕਟ ਕਰਵਾਉਣੀ ਪਈ, ਜਿਸ ਤੋਂ ਬਾਅਦ 2 ਜੁਲਾਈ ਨੂੰ ਉਹ ਸਹੀ-ਸਲਾਮਤ ਘਰ ਪਰਤ ਸਕਿਆ।


ਘਰ ਵਾਪਸ ਆ ਕੇ ਜਦੋਂ ਉਸ ਨੇ ਏਜੰਟ ਪਵਨ ਕੁਮਾਰ ਨਾਲ ਸੰਪਰਕ ਕਰਕੇ ਆਪਣੇ ਪੈਸੇ ਵਾਪਸ ਮੰਗੇ ਤਾਂ ਏਜੰਟ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ ਅਤੇ ਪੈਸੇ ਦੇਣ ਦੀ ਬਜਾਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਆਕਾਸ਼ਦੀਪ ਅਨੁਸਾਰ ਉਸ 'ਤੇ ਕਰਜ਼ਾ ਹੁਣ ਵਧ ਕੇ 8 ਲੱਖ ਰੁਪਏ ਹੋ ਗਿਆ ਹੈ। ਘਰ 'ਚ ਉਸ ਦੀ ਪਤਨੀ, 5 ਸਾਲ ਦਾ ਬੱਚਾ ਅਤੇ ਬਜ਼ੁਰਗ ਮਾਂ ਹੈ, ਜਦਕਿ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੀੜਤ ਨੇ ਐਂਟੀ ਫ੍ਰਾਡ ਸੈੱਲ 'ਚ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਏਜੰਟ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.