ਤਾਜਾ ਖਬਰਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ 'ਤੇ ਸਥਿਤ ਇੱਕ ਪੁਰਾਣੇ ਪੁਲ ਹੇਠਾਂ ਬਣੀ ਖਾਲੀ ਥਾਂ/ਸੁਰੰਗ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਰੋਸ ਫੈਲ ਗਿਆ ਹੈ। ਵਾਲਮੀਕਿ ਮੰਦਰ ਮਾਰਕੀਟ, ਘਿਓ ਮੰਡੀ ਚੌਂਕ ਦੇ ਦੁਕਾਨਦਾਰਾਂ, ਟਰਾਂਸਪੋਰਟਰਾਂ ਅਤੇ ਸਥਾਨਕ ਨਿਵਾਸੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਗੁਪਤ ਰਸਤੇ ਦੀ ਵਰਤੋਂ ਚੋਰ ਅਤੇ ਨਸ਼ੇੜੀ ਲੁਕਣ ਲਈ ਕਰ ਰਹੇ ਹਨ। ਦੇਸ਼-ਵਿਦੇਸ਼ ਤੋਂ ਆਉਂਦੀਆਂ ਲੱਖਾਂ ਸੰਗਤਾਂ ਅਤੇ ਸੈਲਾਨੀਆਂ ਦੀ ਸੁਰੱਖਿਆ 'ਤੇ ਸਵਾਲ ਚੁੱਕਦਿਆਂ ਲੋਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਤੋਂ ਮੋਬਾਈਲ ਤੇ ਨਕਦੀ ਖੋਹਣ ਤੋਂ ਬਾਅਦ ਸ਼ੱਕੀ ਅਨਸਰ ਇਸੇ ਪੁਲ ਹੇਠਲੀ ਜਗ੍ਹਾ ਵਿੱਚ ਵੜ ਕੇ ਗਾਇਬ ਹੋ ਜਾਂਦੇ ਹਨ।
ਸਥਾਨਕ ਲੋਕਾਂ ਅਨੁਸਾਰ ਇਹ ਖਾਲੀ ਜਗ੍ਹਾ ਅੰਦਰੋਂ-ਅੰਦਰ ਕਾਫ਼ੀ ਦੂਰ ਪਾਰਕਿੰਗ ਖੇਤਰ ਤੱਕ ਜਾਂਦੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਖੜ੍ਹੀਆਂ ਗੱਡੀਆਂ ਤੇ ਦੁਕਾਨਾਂ 'ਚੋਂ ਏ.ਸੀ. ਪਾਈਪਾਂ, ਗੈਸ, ਡੀਜ਼ਲ ਅਤੇ ਬੈਟਰੀਆਂ ਚੋਰੀ ਹੋਣ ਨਾਲ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪੁਲਿਸ ਗਸ਼ਤ ਦੀ ਕਮੀ ਦਾ ਦੋਸ਼ ਲਾਉਂਦਿਆਂ ਲੋਕਾਂ ਨੇ ਕਿਹਾ ਕਿ ਕਈ ਵਾਰ ਚੋਰਾਂ ਨੂੰ ਖ਼ੁਦ ਫੜ ਕੇ ਪੁਲਿਸ ਹਵਾਲੇ ਕਰਨ ਦੇ ਬਾਵਜੂਦ ਕੋਈ ਪੁਖ਼ਤਾ ਹੱਲ ਨਹੀਂ ਨਿਕਲਿਆ, ਜਿਸ ਕਾਰਨ ਹੁਣ ਉਨ੍ਹਾਂ ਨੂੰ ਰਾਤਾਂ ਨੂੰ ਖ਼ੁਦ ਪਹਿਰਾ ਦੇਣਾ ਪੈ ਰਿਹਾ ਹੈ।
ਪੀੜਤ ਦੁਕਾਨਦਾਰਾਂ ਅਤੇ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖਾਲੀ ਥਾਂ ਦੀ ਤੁਰੰਤ ਜਾਂਚ ਕਰਵਾ ਕੇ ਇਸ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇ ਅਤੇ ਇਲਾਕੇ 'ਚ ਪੀ.ਸੀ.ਆਰ. ਦੀ ਗਸ਼ਤ ਵਧਾਈ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਠੋਸ ਕਾਰਵਾਈ ਨਾ ਕੀਤੀ ਤਾਂ ਉਹ ਖ਼ੁਦ ਇਸ ਜਗ੍ਹਾ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ। ਫਿਲਹਾਲ ਇਸ ਕਥਿਤ ਸੁਰੰਗ ਦੀ ਬਣਤਰ ਅਤੇ ਇਲਾਕਾ ਵਾਸੀਆਂ ਦੇ ਦੋਸ਼ਾਂ 'ਤੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਅਧਿਕਾਰਤ ਪੱਖ ਆਉਣਾ ਬਾਕੀ ਹੈ।
Get all latest content delivered to your email a few times a month.