ਤਾਜਾ ਖਬਰਾਂ
ਪੰਜਾਬ ਵਿੱਚ ਪਏ ਭਾਰੀ ਮੀਂਹ ਨੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਵੱਡੇ ਆਰਥਿਕ ਨੁਕਸਾਨ ਦਾ ਰਾਹ ਖੋਲ੍ਹ ਦਿੱਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਰੋਖਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਕਰੇਲੇ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ 'ਤੇ ਕੁਦਰਤੀ ਆਫ਼ਤ ਦੀ ਮਾਰ ਪਈ ਹੈ। ਖੇਤਾਂ ਵਿੱਚ ਪਾਣੀ ਭਰਨ ਕਾਰਨ ਕਰੇਲੇ ਦੀਆਂ ਵੱਲਾਂ ਸੜਨ ਲੱਗ ਪਈਆਂ ਹਨ ਅਤੇ ਫ਼ਸਲ ਵਿੱਚ ਗਾਲਾ ਪੈ ਗਿਆ ਹੈ। ਸਬਜ਼ੀਆਂ ਦਾ ਰੰਗ ਪੀਲਾ ਪੈਣ ਕਾਰਨ ਇਹ ਮੰਡੀਆਂ ਵਿੱਚ ਵੇਚਣ ਯੋਗ ਨਹੀਂ ਰਹੀਆਂ, ਜਿਸ ਕਰਕੇ ਕਈ ਕਿਸਾਨਾਂ ਨੂੰ ਆਪਣੀ ਪੱਕੀ ਫ਼ਸਲ 'ਤੇ ਟਰੈਕਟਰ ਚਲਾਉਣ ਜਾਂ ਵੱਲ ਵੱਢਣ ਲਈ ਮਜਬੂਰ ਹੋਣਾ ਪਿਆ ਹੈ।
ਕੁਦਰਤ ਦੀ ਮਾਰ ਤੋਂ ਇਲਾਵਾ ਕਿਸਾਨ ਮੰਡੀਕਰਨ ਦੇ ਢਾਂਚੇ ਤੋਂ ਵੀ ਬੇਹੱਦ ਦੁਖੀ ਹਨ। ਕਿਸਾਨਾਂ ਅਨੁਸਾਰ ਮੰਡੀਆਂ ਵਿੱਚ ਉਨ੍ਹਾਂ ਤੋਂ ਕਰੇਲਾ ਮਹਿਜ਼ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ, ਜਦਕਿ ਆਮ ਖਪਤਕਾਰਾਂ ਨੂੰ ਇਹ ਬਾਜ਼ਾਰ 'ਚ 50 ਰੁਪਏ ਜਾਂ ਇਸ ਤੋਂ ਵੀ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ। ਵਿਚੋਲਗੀ ਕਾਰਨ ਕਿਸਾਨਾਂ ਨੂੰ ਲਾਗਤ ਤੱਕ ਪੂਰੀ ਨਹੀਂ ਹੋ ਰਹੀ।
ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਲਈ ਇੱਕ ਮਜ਼ਬੂਤ ਮੰਡੀਕਰਨ ਨੀਤੀ ਬਣਾਈ ਜਾਵੇ ਅਤੇ ਇਨ੍ਹਾਂ ਦਾ ਘੱਟੋ-ਘੱਟ ਸਮਰਥਨ ਮੁੱਲ (MSP) ਤੈਅ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਸੂਬਿਆਂ ਤੋਂ ਆਉਣ ਵਾਲੀ ਸਬਜ਼ੀ 'ਤੇ ਕੁਝ ਸਮੇਂ ਲਈ ਪਾਬੰਦੀ ਲਗਾਈ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਪਹਿਲ ਦੇ ਆਧਾਰ 'ਤੇ ਵਿਕ ਸਕੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਠੋਸ ਕਦਮ ਨਾ ਚੁੱਕੇ ਤਾਂ ਕਿਸਾਨ ਸਬਜ਼ੀਆਂ ਦੀ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਆਮ ਜਨਤਾ ਲਈ ਵੀ ਸਬਜ਼ੀਆਂ ਦੀ ਭਾਰੀ ਕਿੱਲਤ ਪੈਦਾ ਹੋ ਸਕਦੀ ਹੈ।
Get all latest content delivered to your email a few times a month.