ਤਾਜਾ ਖਬਰਾਂ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀ ਆਪਸੀ ਧੜੇਬੰਦੀ ਅਤੇ ਖਿੱਚੋਤਾਣ ਹੁਣ ਪੂਰੀ ਤਰ੍ਹਾਂ ਸੜਕਾਂ 'ਤੇ ਆ ਗਈ ਹੈ। ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਦਾ ਸਿੱਧਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਸਖ਼ਤ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਵਿਜੀਲੈਂਸ ਦੀ ਰੇਡ ਅਤੇ ਰਿਮਾਂਡ ਦੌਰਾਨ ਉਹ ਔਖੇ ਸਮੇਂ 'ਚ ਸਨ, ਤਾਂ ਉਨ੍ਹਾਂ ਨੇ 8 ਦਿਨਾਂ ਤੱਕ ਏਸੀ ਕਮਰੇ ਵਿੱਚ ਬਿਠਾ ਕੇ ਖਾਣਾ ਖਵਾਇਆ ਸੀ; ਉਦੋਂ ਰਾਜਾ ਵੜਿੰਗ ਉਨ੍ਹਾਂ ਲਈ ਬਹੁਤ ਚੰਗਾ ਸੀ, ਪਰ ਹੁਣ ਉਨ੍ਹਾਂ ਨੂੰ ਹੀ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾ ਰਿਹਾ ਹੈ।
ਰਾਜਾ ਵੜਿੰਗ ਨੇ ਇੱਥੇ ਹੀ ਬਸ ਨਹੀਂ ਕੀਤੀ, ਸਗੋਂ ਆਸ਼ੂ ਦੇ ਸਮਰਥਕਾਂ ਨੂੰ 'ਆਰ.ਐੱਸ.ਐੱਸ. (RSS) ਦੇ ਏਜੰਟ' ਤੱਕ ਕਰਾਰ ਦੇ ਦਿੱਤਾ ਅਤੇ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਚੇਤਾਵਨੀ ਦਿੱਤੀ। ਵੜਿੰਗ ਨੇ ਤੰਜ ਕੱਸਦਿਆਂ ਕਿਹਾ ਕਿ ਜੋ ਆਗੂ ਆਪਣੇ ਆਪ ਨੂੰ ਕਾਂਗਰਸ ਦੇ ਠੇਕੇਦਾਰ ਸਮਝਦੇ ਸਨ, ਉਨ੍ਹਾਂ ਦੀ ਆਪਣੀ ਪਤਨੀ ਕੌਂਸਲਰ ਚੋਣਾਂ ਵਿੱਚ 900 ਵੋਟਾਂ ਵੀ ਹਾਸਲ ਨਹੀਂ ਕਰ ਸਕੀ।
ਵੜਿੰਗ ਵੱਲੋਂ ਲਗਾਏ ਗਏ ਮੁੱਖ ਦੋਸ਼:
ਰਾਜਾ ਵੜਿੰਗ ਦੇ ਇਨ੍ਹਾਂ ਤਿੱਖੇ ਹਮਲਿਆਂ ਦਾ ਜਵਾਬ ਦੇਣ ਲਈ ਭਾਰਤ ਭੂਸ਼ਣ ਆਸ਼ੂ ਆਪ ਸਾਹਮਣੇ ਨਹੀਂ ਆਏ, ਪਰ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਵੜਿੰਗ 'ਤੇ ਜ਼ਬਰਦਸਤ ਪਲਟਵਾਰ ਕੀਤਾ। ਮਮਤਾ ਆਸ਼ੂ ਨੇ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੇ ਸਾਹਮਣੇ 5 ਤਿੱਖੇ ਸਵਾਲ ਰੱਖਦਿਆਂ ਪੁੱਛਿਆ ਕਿ ਰਾਜਾ ਵੜਿੰਗ ਦੇ ਖ਼ਿਲਾਫ਼ ਕੋਈ ਅਨੁਸ਼ਾਸਨੀ ਕਾਰਵਾਈ ਹੋਵੇਗੀ ਜਾਂ ਨਹੀਂ।
ਮਮਤਾ ਆਸ਼ੂ ਨੇ ਵੜਿੰਗ ਨੂੰ ਘੇਰਦਿਆਂ ਕਿਹਾ, "ਤੁਸੀਂ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਹੀ ਨਹੀਂ, ਸਗੋਂ ਲੁਧਿਆਣਾ ਦੇ ਚੁਣੇ ਹੋਏ ਸੰਸਦ ਮੈਂਬਰ ਵੀ ਹੋ। ਲੁਧਿਆਣਾ ਵਿੱਚ ਹੁੰਦਿਆਂ ਵੀ ਕਿਚਲੂ ਨਗਰ ਦੀ ਪੂਰੀ ਸੜਕ ਟੁੱਟਣ ਅਤੇ 50 ਫੁੱਟ ਵੱਡਾ ਖੱਡਾ ਪੈਣ ਦੇ ਬਾਵਜੂਦ ਤੁਸੀਂ ਮੌਕੇ 'ਤੇ ਨਹੀਂ ਗਏ। ਲੋਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਨੁਮਾਇੰਦਾ ਨਿੱਜੀ ਹਮਲੇ ਕਰਨ ਦੀ ਬਜਾਏ ਜਨਤਾ ਦੇ ਮੁੱਦਿਆਂ 'ਤੇ ਸਮਾਂ ਲਗਾਵੇਗਾ। ਲੁਧਿਆਣਾ ਨੂੰ ਭਾਸ਼ਣ ਨਹੀਂ, ਦਿਸ਼ਾ ਚਾਹੀਦੀ ਹੈ ਅਤੇ ਪੰਜਾਬ ਨੂੰ ਨਿੱਜੀ ਹਮਲੇ ਨਹੀਂ, ਸਗੋਂ ਮਜ਼ਬੂਤ ਵਿਰੋਧੀ ਧਿਰ ਚਾਹੀਦੀ ਹੈ।"
ਦੱਸਣਯੋਗ ਹੈ ਕਿ ਇਹ ਵਿਵਾਦ ਉਸ ਵੇਲੇ ਹੋਰ ਗਰਮਾ ਗਿਆ ਹੈ ਜਦੋਂ ਕਾਂਗਰਸ ਦੇ ਪ੍ਰੋਗਰਾਮ ਨਵਾਂਸ਼ਹਿਰ ਦੇ ਬਲਾਚੌਰ, ਰੋਪੜ ਦੇ ਨੰਗਲ, ਮਾਲੇਰਕੋਟਲਾ ਅਤੇ ਖੰਨਾ ਵਿਖੇ ਹੋਣ ਜਾ ਰਹੇ ਹਨ।
Get all latest content delivered to your email a few times a month.