ਤਾਜਾ ਖਬਰਾਂ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ 'ਡੇਬਸੀਰਿਨ ਨੋਨਥਾਬੁਰੀ ਸਕੂਲ' ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸਕੂਲ ਦੇ ਹੀ ਇੱਕ ਕਿਸ਼ੋਰ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਇੱਕ ਅਧਿਆਪਕ ਅਤੇ 4 ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ 15 ਹੋਰ ਵਿਦਿਆਰਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਐਸੋਸੀਏਟਿਡ ਪ੍ਰੈਸ ਅਤੇ ਸਥਾਨਕ ਮੀਡੀਆ ਮੁਤਾਬਕ 19 ਸਾਲ ਤੋਂ ਘੱਟ ਉਮਰ ਦੇ ਇਸ ਸ਼ੂਟਰ ਨੇ ਅਧਿਆਪਕ 'ਤੇ ਗੋਲੀ ਚਲਾਉਣ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ।
ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਉਂਦਿਆਂ ਥਾਈਲੈਂਡ ਦੇ ਸਿੱਖਿਆ ਮੰਤਰੀ ਪ੍ਰਾਸਰਟ ਚਾਂਤਾਰੁਆਂਗਥੋਂਗ ਨੇ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਕਾਰਜਾਂ ਵਿੱਚ ਜੁੱਟਣ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਪੀੜਤਾਂ ਨੂੰ ਤੁਰੰਤ ਮੈਡੀਕਲ ਅਤੇ ਮਨੋਵਿਗਿਆਨਕ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾ ਨਾਲ ਜੁੜੀਆਂ ਭੜਕਾਊ ਵੀਡੀਓਜ਼, ਗ੍ਰਾਫਿਕ ਤਸਵੀਰਾਂ ਜਾਂ ਅਫ਼ਵਾਹਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਨਾ ਕੀਤੀਆਂ ਜਾਣ।
ਜ਼ਿਕਰਯੋਗ ਹੈ ਕਿ ਥਾਈਲੈਂਡ ਵਿੱਚ ਬੰਦੂਕ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਲਗਭਗ 1 ਕਰੋੜ ਹਥਿਆਰ ਮੌਜੂਦ ਹਨ, ਯਾਨੀ ਹਰ 7 ਵਿੱਚੋਂ 1 ਵਿਅਕਤੀ ਕੋਲ ਬੰਦੂਕ ਹੈ। ਸਖ਼ਤ ਕਾਨੂੰਨਾਂ ਦੇ ਦਾਅਵਿਆਂ ਦੇ ਬਾਵਜੂਦ ਇੱਥੇ ਪਹਿਲਾਂ ਵੀ ਅਜਿਹੇ ਭਿਆਨਕ ਕਾਂਡ ਵਾਪਰ ਚੁੱਕੇ ਹਨ—ਇਸੇ ਸਾਲ ਫਰਵਰੀ 'ਚ ਇੱਕ ਸਕੂਲ ਪ੍ਰਿੰਸੀਪਲ ਦਾ ਕਤਲ ਕੀਤਾ ਗਿਆ ਸੀ, ਜਦਕਿ ਸਾਲ 2022 'ਚ ਇੱਕ ਸਾਬਕਾ ਪੁਲਿਸ ਕਰਮਚਾਰੀ ਨੇ ਇੱਕ ਨਰਸਰੀ 'ਚ ਵੜ ਕੇ 24 ਬੱਚਿਆਂ ਸਮੇਤ 36 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
Get all latest content delivered to your email a few times a month.