ਤਾਜਾ ਖਬਰਾਂ
ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ 'ਮੈਟਾ' (Meta) ਨੂੰ ਅਮਰੀਕਾ ਦੀ ਨਿਊ ਮੈਕਸੀਕੋ ਅਦਾਲਤ ਤੋਂ ਇੱਕ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਪਹੁੰਚਾਏ ਨੁਕਸਾਨ ਦੇ ਇਵਜ਼ 'ਚ ਮੈਟਾ ਨੂੰ 567 ਮਿਲੀਅਨ ਅਮਰੀਕੀ ਡਾਲਰ (ਲਗਭਗ 5,000 ਕਰੋੜ ਰੁਪਏ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਮਾਰਚ ਮਹੀਨੇ ਤੋਂ ਚੱਲ ਰਹੇ ਚਰਚਿਤ ਮੁਕੱਦਮੇ ਦੇ ਦੂਜੇ ਪੜਾਅ ਦੌਰਾਨ ਆਇਆ ਹੈ।
ਜੱਜ ਬ੍ਰਾਇਨ ਬੀਡਸ਼ਾਈਡ ਵੱਲੋਂ ਵੀਰਵਾਰ ਦੇਰ ਰਾਤ ਸੁਣਾਏ ਗਏ ਫੈਸਲੇ ਅਨੁਸਾਰ ਇਸ ਰਕਮ 'ਚੋਂ $420 ਮਿਲੀਅਨ ਦਾ ਵੱਡਾ ਹਿੱਸਾ ਪ੍ਰਭਾਵਿਤ ਨੌਜਵਾਨਾਂ ਦੇ ਮਾਨਸਿਕ ਇਲਾਜ ਅਤੇ ਸੁਧਾਰ ਸੇਵਾਵਾਂ ਲਈ ਵਰਤਿਆ ਜਾਵੇਗਾ, ਜਦਕਿ ਬਾਕੀ ਫੰਡ ਅਗਲੇ 5 ਸਾਲਾਂ ਦੌਰਾਨ ਜਾਗਰੂਕਤਾ ਮੁਹਿੰਮਾਂ, ਸਕ੍ਰੀਨਿੰਗ ਅਤੇ ਰੋਕਥਾਮ ਦੇ ਉਪਰਾਲਿਆਂ 'ਤੇ ਖ਼ਰਚ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਹਿਲੇ ਪੜਾਅ 'ਚ ਜਿਊਰੀ ਨੇ ਮੈਟਾ 'ਤੇ $375 ਮਿਲੀਅਨ ਦਾ ਜੁਰਮਾਨਾ ਲਗਾਇਆ ਸੀ, ਜਿੱਥੇ ਕੰਪਨੀ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਜਾਣਕਾਰੀ ਛੁਪਾਉਣ ਅਤੇ ਜਾਣਬੁੱਝ ਕੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ ਸਿੱਧ ਹੋਏ ਸਨ।
ਮਾਮਲੇ ਦੇ ਦੂਜੇ ਪੜਾਅ ਦੌਰਾਨ ਸਰਕਾਰੀ ਵਕੀਲਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਮੈਟਾ ਦੇ ਐਲਗੋਰਿਦਮ ਵਿੱਚ ਬੁਨਿਆਦੀ ਤਬਦੀਲੀਆਂ ਲਾਗੂ ਕੀਤੀਆਂ ਜਾਣ। ਇਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਐਪਸ ਦੀ ਲਤ ਲਗਾਉਣ ਵਾਲੀਆਂ ਫੀਚਰਾਂ 'ਤੇ ਪਾਬੰਦੀ ਲਗਾਉਣਾ, ਉਮਰ ਦੀ ਸਖ਼ਤ ਤਸਦੀਕ ਪ੍ਰਕਿਰਿਆ ਲਾਗੂ ਕਰਨਾ ਅਤੇ ਡਿਫਾਲਟ ਪ੍ਰਾਈਵੇਸੀ ਸੈਟਿੰਗਾਂ ਰਾਹੀਂ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਹਾਲ ਹੀ ਵਿੱਚ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵੀ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਬੱਚਿਆਂ ਨਾਲ ਸਬੰਧਤ ਸਮੱਗਰੀ ਵਿੱਚ ਹੋਈਆਂ ਲਾਪਰਵਾਹੀਆਂ ਨੂੰ ਸਵੀਕਾਰ ਕਰਦਿਆਂ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਸੀ।
Get all latest content delivered to your email a few times a month.