ਤਾਜਾ ਖਬਰਾਂ
ਡਿਪਟੀ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਵੱਲੋਂ ਆਪਣੀ ਜੀਵਨਲੀਲ੍ਹਾ ਸਮਾਪਤ ਕਰਨ ਦੇ ਚਰਚਿਤ ਮਾਮਲੇ ਵਿੱਚ ਫਸੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਫਿਲਹਾਲ ਕੋਈ ਤੁਰੰਤ ਰਾਹਤ ਨਹੀਂ ਮਿਲੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਈ ਕੋਰਟ ਨੇ ਮ੍ਰਿਤਕ ਗਗਨਦੀਪ ਰੰਧਾਵਾ ਦੇ ਮੋਬਾਈਲ ਫ਼ੋਨ ਦੀ ਪੂਰੀ ਕਾਲ ਰਿਕਾਰਡਿੰਗ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ताकि ਇਹ ਸਪੱਸ਼ਟ ਹੋ ਸਕੇ ਕਿ ਘਟਨਾ ਦੇ ਦਿਨਾਂ ਦੌਰਾਨ ਉਹ ਕਿਹੜੇ-ਕਿਹੜੇ ਨੰਬਰਾਂ ਦੇ ਸੰਪਰਕ ਵਿੱਚ ਸੀ।
ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮ੍ਰਿਤਕ ਦਾ ਫ਼ੋਨ ਇਸ ਵੇਲੇ ਫੋਰੈਂਸਿਕ ਜਾਂਚ ਲਈ ਐੱਫਐੱਸਐੱਲ (FSL) ਕੋਲ ਭੇਜਿਆ ਗਿਆ ਹੈ ਅਤੇ ਸਰਕਾਰ 24 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ 'ਤੇ 13 ਮਾਰਚ ਤੋਂ 21 ਮਾਰਚ ਤੱਕ ਦੀ ਪੂਰੀ ਕਾਲ ਡਿਟੇਲ ਤੇ ਰਿਕਾਰਡਿੰਗ ਅਦਾਲਤ ਸਮੇੱਖ ਪੇਸ਼ ਕਰੇਗੀ। ਦੂਜੇ ਪਾਸੇ ਸੁਖਦੇਵ ਸਿੰਘ ਭੁੱਲਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਇਸ ਪੂਰੇ ਅਰਸੇ ਦੌਰਾਨ ਮ੍ਰਿਤਕ ਰੰਧਾਵਾ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ। ਵਕੀਲ ਦੀ ਇਸ ਦਲੀਲ ਤੋਂ ਬਾਅਦ ਹੀ ਹਾਈ ਕੋਰਟ ਨੇ ਕਾਲ ਰਿਕਾਰਡਿੰਗ ਤਲਬ ਕਰਨ ਦਾ ਫੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਨਾਮਜ਼ਦ ਸੁਖਦੇਵ ਸਿੰਘ ਭੁੱਲਰ ਅਤੇ ਲਾਲਜੀਤ ਭੁੱਲਰ ਦੇ ਪੀ.ਏ. ਦਿਲਬਾਗ ਸਿੰਘ ਨੂੰ ਪੁਲਿਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਸੁਖਦੇਵ ਭੁੱਲਰ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ 'ਚ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਹ ਪੁਲਿਸ ਜਾਂਚ 'ਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਅਦਾਲਤ ਵੱਲੋਂ ਹੁਣ ਸਾਰੇ ਤੱਥਾਂ ਦੀ ਜਾਂਚ 24 ਅਗਸਤ ਦੀ ਸੁਣਵਾਈ ਦੌਰਾਨ ਕੀਤੀ ਜਾਵੇਗੀ।
Get all latest content delivered to your email a few times a month.